ਪਉੜੀ ॥
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥

Sahib Singh
ਸਿਕਦਾਰ = ਚੌਧਰੀ, ।
ਪਟਣ = ਸ਼ਹਿਰ ।
ਬੰਕ = ਸੋਹਣੇ, ਬਾਂਕੇ ।
ਦਰਬਿ = ਧਨ ਨਾਲ ।
ਰੀਤੇ = ਸੱਖਣੇ ।
ਇਕਿ = ਇਕ ਵਿਚ ।
ਇਕਿ ਖਣੇ = ਇਕ ਖਿਨ ਵਿਚ ।
ਤਾਜੀ = ਅਰਬੀ ਨਸਲ ਦੇ ਘੋੜੇ ।
ਤੁਖਾਰ = ਊਠ ।
ਪਾਖਰ = ਹਉਦੇ, ਪਲਾਣੇ ।
ਸਿ = ਉਹ ।
ਸਰਾਇਚੇ = ਕਨਾਤਾਂ ।
ਲਾਲਤੀ = ਅਤਲਸੀ ।
ਸਿਨਾਖਤੁ = ਪਛਾਣ ।
ਸਚੁ = ਸਦਾ ਕਾਇਮ ਰਹਿਣ ਵਾਲਾ ।
    
Sahib Singh
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ ।
ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ ।
ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ, (ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ ।
ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ, ਬਾਗ਼ ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ ।
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ।੮ ।
Follow us on Twitter Facebook Tumblr Reddit Instagram Youtube