ਪਉੜੀ ॥
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥

Sahib Singh
ਮਾਹਾ = ਮਹੀਨੇ ।
ਮੂਰਤ = ਮੁਹੂਰਤ ।
ਵੀਚਾਰਾ = ਵਿਚਾਰਿਆ ਜਾ ਸਕਦਾ, ਧਿਆਨ ਧਰਿਆ ਜਾ ਸਕਦਾ ਹੈ ।
ਤੂੰ = ਤੈਨੂੰ ।
ਗਣਤੈ = (ਥਿੱਤਾਂ ਦੇ) ਲੇਖੇ ਕਰਨ ਨਾਲ ।
ਅਲਖ = ਅਦਿ੍ਰਸ਼ਟ ।
ਸਚਿਆਰਾ = ਸੁਰਖ਼ਰੂ, ਉੱਜਲ ਮੁਖ ।
ਸਚਾ = ਸਦਾ ਟਿਕੇ ਰਹਿਣ ਵਾਲਾ ।
ਵਣਜਾਰਾ = ਫੇਰੀ ਲਾ ਕੇ ਸਉਦਾ ਵੇਚਣ ਵਾਲਾ ।
    
Sahib Singh
(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ) ।
ਹੇ ਅਦਿ੍ਰਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ, ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ ।
(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤਿ ਜੋੜਨੀ ਚਾਹੀਦੀ ਹੈ ।
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ ।
ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ।
ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ।
ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ ।੬ ।
Follow us on Twitter Facebook Tumblr Reddit Instagram Youtube