ਮਹਲਾ ੪ ॥
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥

Sahib Singh
ਮੁਖਿ = ਮੂੰਹੋਂ ।
ਅਲਾਏ = ਬੋਲਦਾ ਹੈ ।
ਮਾਰਗਿ = ਰਸਤੇ ਉੱਤੇ ।
ਤੀਰਥੁ = ਖੁਲ੍ਹੇ ਸਾਫ਼ ਪਾਣੀ ਦਾ ਸੋਮਾ, ਦਰਿਆ ਦਾ ਸਾਫ਼ ਖੁਲ੍ਹਾ ਪਾਣੀ ।
ਛਪੜਿ = ਛੱਪੜ ਵਿਚ ।
ਸਗਵੀ = ਸਗੋਂ ਹੋਰ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
    
Sahib Singh
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ, ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ ।
(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ ।
(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ, ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸਿ੍ਰਸ਼ਟੀ ਨੂੰ ਵੀ ਬਚਾਂਦਾ ਹੈ ।
ਹੇ ਦਾਸ ਨਾਨਕ! (ਆਖ—ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ।੨ ।
Follow us on Twitter Facebook Tumblr Reddit Instagram Youtube