ਮਃ ੧ ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥
ਅੰਧਾ ਭੂਲਿ ਪਇਆ ਜਮ ਜਾਲੇ ॥
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥

Sahib Singh
ਵਸਤ੍ਰ = ਕਪੜੇ ।
ਪਖਾਲਿ = ਧੋ ਕੇ ।
ਆਪੇ = ਆਪ ਹੀ, ਆਪਣੇ ਵਲੋਂ ।
ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ ।
ਅੰਤਰਿ = ਮਨ ਵਿਚ ।
ਭੂਲਿ = ਖੁੰਝ ਕੇ ।
ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ ।
ਦੁਖੁ ਘਾਲੇ = ਦੁੱਖ ਸਹਾਰਦਾ ਹੈ ।
ਨਾਮੇ = ਨਾਮ ਦੀ ਰਾਹੀਂ ਹੀ ।
ਸੁਖੀ = ਸੁਖ ਵਿਚ ।
    
Sahib Singh
(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ (ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ, (ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ, ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ ।
ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ।੨ ।
Follow us on Twitter Facebook Tumblr Reddit Instagram Youtube