ਸਲੋਕੁ ਮਃ ੧ ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥

Sahib Singh
ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ ।
ਕਰੀ = ਮੈਂ ਬਣਾ ਲਵਾਂ ।
ਕੈ = ਜਾਂ, ਭਾਵੇਂ, ਚਾਹੇ ।
ਪਇਆਲਿ = ਪਾਤਾਲ ਵਿਚ ।
ਪਾਣੀ ਪਇਆਲਿ = ਹੇਠਾਂ ਪਾਣੀ ਵਿਚ ।
ਉਰਧਿ = ਉੱਚਾ, ਉਲਟਾ, ਪੁੱਠਾ ।
ਸਿਰਿ ਭਾਰਿ = ਸਿਰ ਦੇ ਭਾਰ ।
ਪੁਰੁ = ਪੂਰੇ ਤੌਰ ਤੇ ।
ਸਦਾਕਾਰਿ = ਸਦਾ ਹੀ ।ਕੁਚੀਲੁ—ਗੰਦਾ ।
ਮਲੁਧਾਰੀ = ਮੈਲਾ ।
    
Sahib Singh
ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ); ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ—ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ ।
ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ।੧ ।
Follow us on Twitter Facebook Tumblr Reddit Instagram Youtube