ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

Sahib Singh
ਠਗਉਲੀ = ਠਗ = ਮੂਰੀ, ਠਗ-ਬੂਟੀ ।
ਆਪਹੁ = ਆਪਣੇ ਆਪ ਤੋਂ ।
ਖੁਆਇਆ = ਖੁੰਝਾ ਦਿੱਤਾ ।
ਨਹ ਤਿਪਤੈ = ਨਹੀਂ ਰੱਜਦਾ ।
ਸਹਸਾ = ਤੌਖ਼ਲਾ ।
ਸੁਖਿ = ਸੁਖ ਵਿਚ ।
ਰਜਾ = ਰੱਜ ਗਿਆ ।
ਮਾਇਆ = ਮਾਂ ।
ਜਣੇਦੀ = ਜੰਮਣ ਵਾਲੀ ।
    
Sahib Singh
(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ ।
(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ ।
(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤਿ੍ਰਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ ।
ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰੰਮ ਕਰ ਕੇ ਹਾਰ ਚੁਕੇ ਹਨ ।
ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ ।
(ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤਿ੍ਰਪਤ ਹੁੰਦਾ ਹੈ ।
ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ ।
ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ।੨ ।
Follow us on Twitter Facebook Tumblr Reddit Instagram Youtube