ਮਃ ੨ ॥
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥

Sahib Singh
ਦੇਂਦੇ ਥਾਵਹੁ = ਦੇਣ ਵਾਲੇ ਨਾਲੋਂ ।
ਸੁਰਤਿ = ਸੂਝ ।
ਮਤਿ = ਅਕਲ ।
ਕਿਆ ਕਰਿ ਆਖਿ = ਕਿਆ ਆਖਿ ਕਰਿ ?
    ਕੀ ਆਖ ਕੇ ?
    ਕਿੰਨ੍ਹਾਂ ਲਫ਼ਜ਼ਾਂ ਨਾਲ ?
ਅੰਤਰਿ ਬਹਿ ਕੈ = ਅੰਦਰ ਬੈਠ ਕੇ, (ਭਾਵ) ਲੁਕ ਕੇ ।
ਪਾਪਿ ਕਮਾਣੈ = ਜੇ ਮੰਦੇ ਕੰਮ ਕਰੀਏ ।
ਚਹੁ ਕੁੰਡੀ = ਚਹੁਆਂ ਕੂਟਾਂ ਵਿਚ, ਹਰ ਪਾਸੇ ।
ਦਿਖਾ = ਦੇਖਾਂ, ਵੇਖਾਂ ।
    
Sahib Singh
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ ।
ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ ।
(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ ।
( ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ ‘ਧਰਮੀ’ ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ ।(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ ।
ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ ?
(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ ।
ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ) ।
ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ।੨ ।
Follow us on Twitter Facebook Tumblr Reddit Instagram Youtube