ਸਲੋਕ ਮਃ ੧ ॥
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥

Sahib Singh
ਜੀਉ = ਜਿੰਦ ।
ਤਨੁ = ਸਰੀਰ ।
ਬਣਤ = ਘਾੜਤ ।
ਅਖੀ = ਅੱਖੀਂ, ਅੱਖਾਂ ਨਾਲ ।
ਕੰਨੀ = ਕੰਨੀਂ, ਕੰਨਾਂ ਵਿਚ ।
ਸੁਰਤਿ = ਸੁਣਨ ਦੀ ਸੱਤਿਆ ।
ਸਮਾਇ = ਟਿਕੀ ਹੋਈ ਹੈ, ਮੌਜੂਦ ਹੈ ।
ਅੰਧੁ = ਅੰਨਿ੍ਹਆਂ ਵਾਲਾ ਕੰਮ ।
ਪਾਰਿ ਨਾ ਪਾਇ = ਪਾਰ ਨਹੀਂ ਲੰਘਦਾ ।
ਪਤਿ = ਇੱਜ਼ਤ, ਪ੍ਰਭੂ ਦੀ ਮਿਹਰ ।
    
Sahib Singh
(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ ।
ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ, ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ ।
ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨਿ੍ਹਆਂ ਵਾਲਾ ਕੰਮ ਕਰਦਾ ਹੈ (ਭਾਵ, ਅੌਝੜੇ ਪਿਆ ਭਟਕਦਾ ਹੈ) ।
ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ ।
ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਅੌਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ।੧ ।
Follow us on Twitter Facebook Tumblr Reddit Instagram Youtube