ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

Sahib Singh
ਪੋਖਿ = ਪੋਹ ਮਹੀਨੇ ਵਿਚ ।
ਤੁਖਾਰੁ = ਕੱਕਰ, ਕੋਰਾ ।
ਨ ਵਿਆਪਈ = ਜ਼ੋਰ ਨਹੀਂ ਪਾਂਦਾ ।
ਕੰਠਿ = ਗਲ ਵਿਚ, ਗਲ ਨਾਲ (ਹਿਰਦੇ ਵਿਚ) ।
ਨਾਹੁ = ਨਾਥ, ਖਸਮ, ਪਤੀ ।
ਬੇਧਿਆ = ਵਿੰਨਿ੍ਹਆ ਜਾਂਦਾ ਹੈ ।
ਚਰਨਾਰਬਿੰਦ = ਚਰਨ = ਅਰਬਿੰਦ, ਚਰਨ ਕਮਲ ।
ਦਰਸਨਿ = ਦੀਦਾਰ ਵਿਚ ।
ਸਾਹੁ = ਇਕ ਇਕ ਸਾਹ, ਬਿ੍ਰਤੀ ।
ਲਾਹੁ = ਲਾਭ ।
ਬਿਖਿਆ = ਮਾਇਆ ।
ਸਾਧੂ = ਗੁਰੂ ।
ਗੁਣ ਗਾਹੁ = ਗੁਣਾਂ ਦੀ ਵਿਚਾਰ, ਗੁਣਾਂ ਵਿਚ ਚੁੱਭੀ ।
ਜਹ ਤੇ = ਜਿਸ ਪ੍ਰਭੂ ਤੋਂ ।
ਸਮਾਹੁ = ਲਿਵ ।
ਕਰੁ = ਹੱਥ ।
ਗਹਿ = ਫੜ ਕੇ ।
ਪਾਰਬ੍ਰਹਮਿ = ਪਾਰਬ੍ਰਹਮ ਨੇ ।
ਬਾਰਿ ਜਾਉ = ਮੈਂ ਵਾਰਨੇ ਜਾਂਦੀ ਹਾਂ ।
ਬੇਰੀਆ = ਵਾਰੀ ।
ਅਗਮ = ਅਪਹੁੰਚ ।
ਅਗਾਹੁ = ਅਗਾਧ, ਡੂੰਘੇ ਜਿਗਰੇ ਵਾਲਾ ।
ਸਰਮ = ਲਾਜ ।
ਸਰਮ ਪਈ = ਇੱਜ਼ਤ ਰੱਖਣੀ ਪਈ ।
ਦਰਿ = ਦਰ ਉਤੇ ।
ਸੁੋਹੰਦਾ = {ਅਸਲ ਲਫ਼ਜ਼ ‘ਸੋਹੰਦਾ’ ਹੈ, ਪਾਠ ‘ਸੁਹੰਦਾ’ ਕਰਨਾ ਹੈ ।
    ਅੱਖਰ ‘ਸ’ ਦੇ ਨਾਲ ੋ ਅਤੇ ੁ ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ।
    
Sahib Singh
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ, (ਕਿਉਂਕਿ) ਉਸਦੀ ਬਿ੍ਰਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ ।
ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਚੁੱਭੀ ਲਾਈ ਹੈ ।
ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ ।
ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ ।
(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ ।
ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ।
ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ।੧੧ ।
Follow us on Twitter Facebook Tumblr Reddit Instagram Youtube