ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

Sahib Singh
ਕਿਰਤਿ = {øਤਿ} ਕਮਾਈ (ਫੲਰਡੋਰਮੳਨਚੲ) ।
ਕੇ = ਅਨੁਸਾਰ ।
ਰਾਮ = ਹੇ ਪ੍ਰਭੂ !
ਕੁੰਟ = ਕੂਟ, ਪਾਸਾ ।
ਦਹਦਿਸ = ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ) ।
ਸਾਮ = ਸਰਨ ।
ਧੇਨੁ = ਗਾਂ ।
ਬਾਹਰੀ = ਬਿਨਾ ।
ਸਾਖ = ਖੇਤੀ, ਫ਼ਸਲ ।
ਦਾਮ = ਪੈਸੇ, ਧਨ ।
ਨਾਹ = {ੁਕਢਕ} ਖਸਮ ।
ਕਤ = ਕਿਵੇਂ, ਕਿਥੇ ?
ਬਿਸਰਾਮ = ਸੁਖ ।
ਜਿਤੁ = ਜਿਸ ਵਿਚ ।
ਜਿਤੁ ਘਰਿ = ਜਿਸ (ਹਿਰਦੇ = ) ਘਰ ਵਿਚ ।
ਭਠਿ = ਤਪਦੀ ਭੱਠੀ ।
ਸੇ = ਵਰਗੇ ।
ਗ੍ਰਾਮ = ਪਿੰਡ ।
ਸ੍ਰਬ = ਸਾਰੇ ।
ਤੰਬੋਲ = ਪਾਨ ਦੇ ਬੀੜੇ ।
ਸਣੁ = ਸਣੇ, ਸਮੇਤ ।
ਦੇਹੀ = ਸਰੀਰ ।
ਖਾਮ = ਕੱਚੇ, ਨਾਸਵੰਤ, ਵਿਅਰਥ ।
ਸਭਿ = ਸਾਰੇ ।
ਜਾਮ = ਜਮ, ਜਿੰਦ ਦੇ ਵੈਰੀ ।
ਸੰਗਿ = (ਆਪਣੇ) ਨਾਲ ।
ਧਾਮ = ਟਿਕਾਣਾ ।
    
Sahib Singh
ਹੇ ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ ।
(ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ ।
(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, (ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ) ।
ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ ।
(ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ ।
(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ, (ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ ।
(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤਿ ਬਖ਼ਸ਼ ।
ਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ।੧ ।
Follow us on Twitter Facebook Tumblr Reddit Instagram Youtube