ੴ ਸਤਿਗੁਰ ਪ੍ਰਸਾਦਿ ॥
ਮਾਝ ਮਹਲਾ ੫ ਘਰੁ ੩ ॥
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥

ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥

ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥

ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥

ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥

ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥

ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥

ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥

ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥

Sahib Singh
ਜਪੇ = ਜਪਿ, ਜਪ ਕੇ ।
ਧੀਰੇ = ਧੀਰਜ ਫੜਦਾ ਹੈ ।੧।ਰਹਾਉ ।
ਭੈ = ਸਾਰੇ ਡਰ ।
ਸਿਮਰਿ = ਸਿਮਰ ਕੇ ।੧ ।
ਕਾਹੇ ਝੂਰੇ = ਕੋਈ ਝੋਰਾ ਨਹੀਂ ਰਹਿ ਜਾਂਦਾ ।
    ਕਿਉਂ ਝੂਰੇਗਾ ?
    ।੨ ।
ਸੰਤ ਸਾਧ ਕੇ = ਗੁਰੂ ਦੇ ।੩ ।
ਘਟਿ ਘਟਿ = ਹਰੇਕ ਸਰੀਰ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ ।੪ ।
ਧੂਰੇ = ਚਰਨ = ਧੂੜ ।੫ ।
ਖਸਮਿ = ਖਸਮ ਨੇ ।
ਠਰੂਰੇ = ਸ਼ਾਂਤ = ਚਿੱਤ, ਸੀਤਲ ।੬ ।
ਕਰਤੈ = ਕਰਤਾਰ ਨੇ ।
ਤਪਾਵਸੋ = {ਅਰਬੀ ਲਫ਼ਜ਼ ‘ਤਫ਼ਾਹੁਸ’} ਨਿਰਨਾ, ਨਿਆਂ ।
ਮੂਰਾ = ਘਾਹ ਆਦਿਕ ਨਾਲ ਭਰੀ ਹੋਈ ਵੱਛੇ ਕੱਟੇ ਦੀ ਖੱਲ ਜੋ ਵੇਖਣ ਨੂੰ ਹੀ ਵੱਛਾ ਕੱਟਾ ਜਾਪੇ ।
    ਵੇਖਣ ਨੂੰ ਹੀ ਜੀਊਂਦਾ, ਪਰ ਅਸਲ ਵਿਚ ਮੁਰਦਾ ।੭ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਨਾਇ = ਨਾਮ ਵਿਚ ।
ਹਜੂਰੇ = ਅੰਗ = ਸੰਗ ।੮ ।
    
Sahib Singh
ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ।ਰਹਾਉ।ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ।੧ ।
ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ।੨ ।
ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ।੩ ।
(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ ।੪ ।
ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ।੫ ।
ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ।੬ ।
ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ।੭ ।
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ।੮।੫।੩੯ ।
Follow us on Twitter Facebook Tumblr Reddit Instagram Youtube