ਮਾਝ ਮਹਲਾ ੫ ॥
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥
ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥

ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥
ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥

ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥
ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥

ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥
ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥

ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥

ਹਉਮੈ ਬਾਧਾ ਗੁਰਮੁਖਿ ਛੂਟਾ ॥
ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥

ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥

ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥

ਸਗਲੀ ਬਣਤ ਬਣਾਈ ਆਪੇ ॥
ਆਪੇ ਕਰੇ ਕਰਾਏ ਥਾਪੇ ॥
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥

Sahib Singh
ਸੁ = ਉਹ ਮਨੁੱਖ ।
ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ ।
ਜੁਗਤਾ = ਪ੍ਰਭੂ = ਚਰਨਾਂ ਵਿਚ ਜੁੜਿਆ ਹੋਇਆ ।
ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ।
ਬਕਤਾ = ਪ੍ਰਭੂ ਦੇ ਗੁਣ ਵਰਣਨ ਕਰਨ ਵਾਲਾ ।
ਗਿਰਹੀ = (ਸੁਚੱਜਾ) ਗਿ੍ਰਹਸਤੀ ।੧ ।
ਕਿਨਿ ਬਿਧਿ = ਕਿਸ ਤਰੀਕੇ ਨਾਲ ?
ਕਉਣ ਕਰਮ = (ਸੁਚੱਜੇ) ਕੰਮ ਕਿਹੜੇ ਹਨ ?
ਨਿਹਕਰਮਾ = ਕਿਰਤ = ਕਾਰ ਕਰਦਾ ਹੋਇਆ ਭੀ ਵਾਸਨਾ-ਰਹਿਤ ।੨ ।
ਇਹ ਬਿਧਿ = ਇਹ ਢੰਗ ।੩ ।
ਅਖਰੁ = ਸ਼ਬਦ ।
ਧਾਵਤੁ = (ਵਿਕਾਰਾਂ ਵਲ) ਦੌੜਦਾ (ਮਨ) ।
ਸਮ = ਇਕੋ ਜਿਹਾ ।੪।ਗੁਰਮੁਖਿ—ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ।
ਧੰਨੁ = ਭਾਗਾਂ ਵਾਲਾ ।੫ ।
ਸੁਭਾਏ = ਸੁਭਾਇ, ਪ੍ਰੇਮ ਵਿਚ ਟਿਕ ਕੇ ।੬ ।
    
Sahib Singh
ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ?
ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ?
(ਸੁਚੱਜਾ) ਗਿ੍ਰਹਸਤੀ ਕੌਣ ਹੋ ਸਕਦਾ ਹੈ ?
ਮਾਇਆ ਤੋਂ ਨਿਰਲੇਪ ਕੌਣ ਹੈ ?
ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ ?
।੧ ।
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ ?
ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ ?
ਸੁਚੱਜੇ ਕੰਮ ਕੇਹੜੇ ਹਨ ?
ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ ?
ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤਿ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ ?
।੨ ।
ਸੁਖੀ ਜੀਵਨ ਵਾਲਾ ਕੌਣ ਹੈ ?
ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ ?
ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ ?
ਬੇਮੁਖ ਕਿਸ ਨੂੰ ਆਖੀਦਾ ਹੈ ?
ਪ੍ਰਭੂ-ਚਰਨਾਂ ਵਿਚ ਕਿਸ ਤ੍ਰਹਾਂ ਮਿਲ ਸਕੀਦਾ ਹੈ ?
ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ ?
ਇਹ ਜਾਚ ਕੌਣ ਸਿਖਾਂਦਾ ਹੈ ?
।੩ ।
ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ ?
ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ ?
ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ ?
ਕਿਸ ਤ੍ਰਹਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ ?
।੪ ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ ।
ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗਿ੍ਰਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ ।
ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ।੫ ।
(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ ।
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ ।
ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ।੬ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ ।
ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ।੭।ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ, ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ ।
ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੮ ।
(ਪਰ ਗੁਰਮੁਖ ਤੇ ਮਨਮੁਖ—ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ ।
ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ ।
(ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ।੮।੨।੩੬ ।
Follow us on Twitter Facebook Tumblr Reddit Instagram Youtube