ਮਾਝ ਮਹਲਾ ੫ ਘਰੁ ੧ ॥
ਅੰਤਰਿ ਅਲਖੁ ਨ ਜਾਈ ਲਖਿਆ ॥
ਨਾਮੁ ਰਤਨੁ ਲੈ ਗੁਝਾ ਰਖਿਆ ॥
ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥

ਸਾਧਿਕ ਸਿਧ ਜਿਸੈ ਕਉ ਫਿਰਦੇ ॥
ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥

ਆਠ ਪਹਰ ਤੁਧੁ ਜਾਪੇ ਪਵਨਾ ॥
ਧਰਤੀ ਸੇਵਕ ਪਾਇਕ ਚਰਨਾ ॥
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥

ਸਾਚਾ ਸਾਹਿਬੁ ਗੁਰਮੁਖਿ ਜਾਪੈ ॥
ਪੂਰੇ ਗੁਰ ਕੈ ਸਬਦਿ ਸਿਞਾਪੈ ॥
ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥

ਤਿਸੁ ਘਰਿ ਸਹਜਾ ਸੋਈ ਸੁਹੇਲਾ ॥
ਅਨਦ ਬਿਨੋਦ ਕਰੇ ਸਦ ਕੇਲਾ ॥
ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥

ਪਹਿਲੋ ਦੇ ਤੈਂ ਰਿਜਕੁ ਸਮਾਹਾ ॥
ਪਿਛੋ ਦੇ ਤੈਂ ਜੰਤੁ ਉਪਾਹਾ ॥
ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥

ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥
ਸਾਧ ਜਨਾ ਕਾ ਮੰਤ੍ਰੁ ਕਮਾਏ ॥
ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥

ਤੂੰ ਵਡਾ ਤੂੰ ਊਚੋ ਊਚਾ ॥
ਤੂੰ ਬੇਅੰਤੁ ਅਤਿ ਮੂਚੋ ਮੂਚਾ ॥
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥

Sahib Singh
ਅੰਤਰਿ = (ਹਰੇਕ ਜੀਵ ਦੇ) ਅੰਦਰ ।
ਅਲਖੁ = ਅਦਿ੍ਰਸ਼ਟ ਪਰਮਾਤਮਾ ।
ਗੁਝਾ = ਪਤ, ਲੁਕਵਾਂ ।
ਤੇ = ਤੋਂ ।
ਸਬਦਿ = ਸ਼ਬਦ ਦੀ ਰਾਹੀਂ ।੧ ।
ਕਲਿ ਮਹਿ = ਜਗਤ ਵਿਚ, ਮਨੁੱਖਾ ਜੀਵਨ ਵਿਚ {ਨੋਟ:- ਇਥੇ ਕਿਸੇ ਖ਼ਾਸ ਜੁਗ ਦਾ ਵਧੀਆ ਘਟੀਆ ਹੋਣ ਦਾ ਜ਼ਿਕਰ ਨਹੀਂ ਚਲ ਰਿਹਾ ।
    ਜਿਸ ਸਮੇਂ ਸਤਿਗੁਰੂ ਜੀ ਜਗਤ ਵਿਚ ਸਰੀਰਕ ਤੌਰ ਤੇ ਆਏ ਉਸ ਸਮੇ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ।
    ਸੋ, ਸਾਧਾਰਨ ਤੌਰ ਤੇ ਹੀ ਸਮੇਂ ਦਾ ਜ਼ਿਕਰ ਹੈ} ।
ਸਚੇ = ਸਦਾ = ਥਿਰ ਪ੍ਰਭੂ ਨੇ ।
ਧਾਰੇ = ਆਸਰਾ ਦਿੱਤਾ ਹੈ ।੧।ਰਹਾਉ ।
ਸਾਧਿਕ = ਜੋਗ = ਸਾਧਨ ਕਰਨ ਵਾਲੇ ਜੋਗੀ ।
ਸਿਧ = ਜੋਗ = ਸਾਧਨਾ ਵਿਚ ਪੁੱਗੇ ਹੋਏ ਜੋਗੀ ।
ਕੋਟਿ = ਕ੍ਰੋੜ ।੨ ।
ਜਾਪੇ = ਜਪਦੀ ਹੈ, ਹੁਕਮ ਵਿਚ ਤੁਰਦੀ ਹੈ ।
ਪਵਨ = ਹਵਾ ।
ਪਾਇਕ = ਟਹਿਲਣ ।
ਮਨਿ = ਮਨ ਵਿਚ ।੩ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਜਾਪੈ = ਦਿਸਦਾ ਹੈ, ਸੁੱਝਦਾ ਹੈ ।
ਤਿ੍ਰਪਤਾਸੇ = ਰੱਜ ਗਏ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਅਘਾਵਣਿਆ = ਰੱਜ ਗਏ ।੪ ।
ਘਰਿ = ਹਿਰਦੇ ਘਰ ਵਿਚ ।
ਸਹਜਾ = ਆਤਮਕ ਅਡੋਲਤਾ ।
ਸੁਹੇਲਾ = ਸੌਖਾ, ਸੁਖੀ ।
ਅਨਦ ਬਿਨੋਦ ਕੇਲ = ਆਤਮਕ ਖ਼ੁਸ਼ੀਆਂ, ਆਤਮਕ ਆਨੰਦ ।
ਸਦ = ਸਦਾ ।੫।ਤੈਂ—ਤੂੰ ।
ਸਮਾਹਾ = {ਸਜ਼ਵਾ੍ਹÏ ਟੋ ਚੋਲਲੲਚਟ} ਪ੍ਰਬੰਧ ਕੀਤਾ ।
ਉਪਾਹਾ = ਪੈਦਾ ਕੀਤਾ ।
ਲਵੈ = ਬਰਾਬਰ ।
ਲਵੈ ਨ ਲਾਵਣਿਆ = ਬਰਾਬਰੀ ਤੇ ਨਹੀਂ ਲਿਆਂਦਾ ਜਾ ਸਕਦਾ ।੬ ।
ਤੁਠਾ = ਪ੍ਰਸੰਨ ਹੋਇਆ ।
ਮੰਤ੍ਰü = ਉਪਦੇਸ਼ ।
ਠਾਕ = ਰੁਕਾਵਟ ।੭ ।
ਮੂਚਾ = ਵੱਡਾ ।
ਵੰਞਾ = ਵੰਞਾਂ, ਜਾਂਦਾ ਹਾਂ ।
ਦਾਸ ਦਸਾਵਣਿਆ = ਦਾਸਾਂ ਦਾ ਦਾਸ ।੮ ।
    
Sahib Singh
ਅਦਿ੍ਰਸ਼ਟ ਪਰਮਾਤਮਾ (ਹਰੇਕ ਜੀਵ ਦੇ) ਅੰਦਰ (ਵੱਸਦਾ ਹੈ, ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ) ਜਾਚ ਨਹੀਂ ਸਕਦਾ ।
(ਹਰੇਕ ਜੀਵ ਦੇ ਅੰਦਰ) ਪਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ (ਪਰਮਾਤਮਾ ਨੇ ਹਰੇਕ ਦੇ ਅੰਦਰ) ਲੁਕਾ ਕੇ ਰੱਖ ਦਿੱਤਾ ਹੈ (ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ) ।
(ਸਭ ਜੀਵਾਂ ਦੇ ਅੰਦਰ ਵੱਸਦਾ ਹੋਇਆ ਭੀ ਪਰਮਾਤਮਾ) ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ ।
(ਹਾਂ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ) ਸਮਝ ਆ ਸਕਦੀ ਹੈ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਮਨੁੱਖਾ ਜਨਮ ਵਿਚ (ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ) ਨਾਮ ਸੁਣਾਂਦੇ ਹਨ ।
ਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ।੧।ਰਹਾਉ ।
ਜੋਗ ਸਾਧਨ ਕਰਨ ਵਾਲੇ ਜੋਗੀ, ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ ਜਿਸ ਪਰਮਾਤਮਾ (ਦੀ ਪ੍ਰਾਪਤੀ) ਦੀ ਖ਼ਾਤਰ (ਜੰਗਲਾਂ ਪਹਾੜਾਂ ਵਿਚ ਭਟਕਦੇ) ਫਿਰਦੇ ਹਨ, ਬ੍ਰਹਮਾ ਇੰਦ੍ਰ (ਆਦਿ ਦੇਵਤੇ) ਜਿਸਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਭੀ ਉਸ ਦੀ ਭਾਲ ਕਰਦੇ ਹਨ (ਪਰ ਦੀਦਾਰ ਨਹੀਂ ਕਰ ਸਕਦੇ ।
ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ।੨ ।
(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ, (ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ ।
ਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲੱਗਦਾ ਹੈਂ ।੩ ।
(ਹੇ ਭਾਈ!) ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ, ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ ।
ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮਿ੍ਰਤ ਪੀਤਾ ਹੈ, ਉਹੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਹਨ ।੪ ।
ਜੇਹੜਾ ਮਨੁੱਖ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਸੁਖੀ (ਜੀਵਨ ਬਤੀਤ ਕਰਦਾ) ਹੈ, ਉਹ ਸਦਾ ਆਤਮਕ ਖ਼ੁਸ਼ੀਆਂ ਆਤਮਕ ਆਨੰਦ ਮਾਣਦਾ ਹੈ ।
ਉਹ ਮਨੁੱਖ (ਅਸਲ) ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ ਵੱਡਾ ਸ਼ਾਹ ਬਣ ਗਿਆ ਹੈ ।੫ ।
(ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ, ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ ।
ਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ।੬।(ਹੇ ਪ੍ਰਭੂ!) ਜਿਸ ਮਨੁੱਖ ਉੱਤੇ ਤੂੰ ਪ੍ਰਸੰਨ ਹੁੰਦਾ ਹੈਂ, ਉਹ ਤੇਰਾ ਧਿਆਨ ਧਰਦਾ ਹੈ, ਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ ।
ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ।੭ ।
(ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ (ਆਤਮਕ ਉੱਚਤਾ ਵਿਚ) ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ ।
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ।੮।੧।੩੫ ।

ਨੋਟ: ਅੰਕ ਨੰ: ੧ ਦੱਸਦਾ ਹੈ ਕਿ ਇਹ ਅਸਟਪਦੀ ਮਹਲੇ ਪੰਜਵੇਂ ਦੀ ਹੈ ।
Follow us on Twitter Facebook Tumblr Reddit Instagram Youtube