ਮਾਝ ਮਹਲਾ ੩ ॥
ਇਸੁ ਗੁਫਾ ਮਹਿ ਅਖੁਟ ਭੰਡਾਰਾ ॥
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥

ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥

ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥

ਗੁਰ ਪਰਸਾਦੀ ਸਚਾ ਹਰਿ ਪਾਏ ॥
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥

ਨਉ ਦਰ ਠਾਕੇ ਧਾਵਤੁ ਰਹਾਏ ॥
ਦਸਵੈ ਨਿਜ ਘਰਿ ਵਾਸਾ ਪਾਏ ॥
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥

ਬਿਨੁ ਸਬਦੈ ਅੰਤਰਿ ਆਨੇਰਾ ॥
ਨ ਵਸਤੁ ਲਹੈ ਨ ਚੂਕੈ ਫੇਰਾ ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥

ਗੁਪਤੁ ਪਰਗਟੁ ਤੂੰ ਸਭਨੀ ਥਾਈ ॥
ਗੁਰ ਪਰਸਾਦੀ ਮਿਲਿ ਸੋਝੀ ਪਾਈ ॥
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥

Sahib Singh
ਅਖੁਟ = ਨਾਹ ਮੁੱਕਣ ਵਾਲੇ ।
ਭੰਡਾਰ = ਖ਼ਜ਼ਾਨੇ ।
ਤਿਸੁ ਵਿਚਿ = ਇਸ ਸਰੀਰ = ਗੁਫ਼ਾ ਵਿਚ ।
ਅਲਖ = ਅਦਿ੍ਰਸ਼ਟ ।
ਆਪੁ = ਆਪਾ = ਭਾਵ ।੧ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਜਲ ।
ਮੰਨਿ = ਮਨਿ, ਮਨ ਵਿਚ ।
ਮਹਾ = ਰਸੁ—ਵਡੇ ਰਸ ਵਾਲਾ ।੧।ਰਹਾਉ ।
ਬਜਰ ਕਪਾਟ = ਕਰੜੇ ਭਿੱਤ ।੨ ।
ਅੰਜਨੁ = ਸੁਰਮਾ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਮਾਨਿਆ = ਪਤੀਜ ਗਿਆ, ਗਿੱਝ ਗਿਆ ।੩ ।
ਸਰੀਰਹੁ ਬਾਹਰਿ = ਸਰੀਰ ਤੋਂ ਬਾਹਰ (ਜੰਗਲਾਂ ਵਿਚ, ਪਹਾੜਾਂ ਦੀਆਂ ਗੁਫ਼ਾਂ ਵਿਚ) ।
ਫਿਰਿ ਘਿਰਿ = ਆਖ਼ਰ ਥੱਕ ਕੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਵਥੁ = ਨਾਮ ਵਸਤ ।੪ ।
ਸਚਾ = ਸੱਚਾ, ਸਦਾ = ਥਿਰ ਰਹਿਣ ਵਾਲਾ ।
ਮਨਿ = ਮਨ ਵਿਚ ।
ਤਨਿ = ਤਨ ਵਿਚ ।
ਬੈਸਿ = ਬੈਠ ਕੇ ।
ਸੁਥਾਨਿ = ਸ੍ਰੇਸ਼ਟ ਥਾਂ ਵਿਚ ।
ਸਚੈ = ਸਦਾ = ਥਿਰ ਪ੍ਰਭੂ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।੫।ਨਉ ਦਰ—ਨੌ ਗੋਲਕਾਂ ।
ਧਾਵਤੁ = ਭਟਕਦਾ ਮਨ ।
ਠਾਕੇ = ਵਰਜੇ ।
ਦਸਵੈ = ਦਸਵੇਂ ਦਰ ਵਿਚ, ਚਿਦਾਕਾਸ਼ ਵਿਚ, ਦਿਮਾਗ਼ ਵਿਚ ।
ਨਿਜ ਘਰਿ = ਆਪਣੇ ਘਰ ਵਿਚ ।
ਅਨਹਦ = {ਅਨਾਹਤ} ਬਿਨਾ ਵਜਾਏ ਵੱਜਣ ਵਾਲੇ, ਇਕ ਰਸ ।੬ ।
ਹਥਿ = ਹੱਥ ਵਿਚ ।
ਹੋਰਤੁ = ਕਿਸੇ ਹੋਰ ਵਸੀਲੇ ਨਾਲ ।
ਦਰੁ = ਦਰਵਾਜ਼ਾ {ਲਫ਼ਜ਼ ‘ਦਰ’, ਦਰੁ’ ‘ਦਰਿ’ ਦਾ ਫ਼ਰਕ ਚੇਤੇ ਰੱਖਣ ਜੋਗ ਹੈ} ।੭ ।
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ ।੮ ।
    
Sahib Singh
(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ (ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦਿ੍ਰਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ।੧ ।
(ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।
ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ ।
ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮਿ੍ਰਤ ਪੀਤਾ ਜਾ ਸਕਦਾ ਹੈ ।੧।ਰਹਾਉ ।
ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ, ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮਿ੍ਰਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ ।
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮਿ੍ਰਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ।੨ ।
ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ, ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ—ਹਨੇਰਾ ਦੂਰ ਕਰ ਲਿਆ ਹੈ ।
ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ।੩ ।
(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ, ਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ ।
(ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮਿ੍ਰਤ ਪ੍ਰਾਪਤ ਕਰਦਾ ਹੈ ।੪ ।
ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ, ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ।
ਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ।੫।ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ, ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤਿ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ ।
ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ ।
ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤਿ ਵਿਚ ਟਿਕਾਈ ਰੱਖਦਾ ਹੈ ।੬ ।
ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ।
(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ ।
ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ।੭ ।
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ ।
(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ ।
ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦਾ ਰਹੁ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।੮।੨੪।੨੫ ।
Follow us on Twitter Facebook Tumblr Reddit Instagram Youtube