ਮਾਝ ਮਹਲਾ ੩ ॥
ਸੇ ਸਚਿ ਲਾਗੇ ਜੋ ਤੁਧੁ ਭਾਏ ॥
ਸਦਾ ਸਚੁ ਸੇਵਹਿ ਸਹਜ ਸੁਭਾਏ ॥
ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥
ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥

ਜਹ ਦੇਖਾ ਸਚੁ ਸਭਨੀ ਥਾਈ ॥
ਗੁਰ ਪਰਸਾਦੀ ਮੰਨਿ ਵਸਾਈ ॥
ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥

ਮਨਸਾ ਮਾਰਿ ਸਚਿ ਸਮਾਣੀ ॥
ਇਨਿ ਮਨਿ ਡੀਠੀ ਸਭ ਆਵਣ ਜਾਣੀ ॥
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥

ਗੁਰ ਕੈ ਸਬਦਿ ਰਿਦੈ ਦਿਖਾਇਆ ॥
ਮਾਇਆ ਮੋਹੁ ਸਬਦਿ ਜਲਾਇਆ ॥
ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥੪॥

ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥
ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥
ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥

ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥
ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥
ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥

ਪੜਿ ਪੜਿ ਥਾਕੇ ਸਾਂਤਿ ਨ ਆਈ ॥
ਤ੍ਰਿਸਨਾ ਜਾਲੇ ਸੁਧਿ ਨ ਕਾਈ ॥
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥

ਗੁਰ ਪਰਸਾਦੀ ਏਕੋ ਜਾਣਾ ॥
ਦੂਜਾ ਮਾਰਿ ਮਨੁ ਸਚਿ ਸਮਾਣਾ ॥
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥

Sahib Singh
ਸਚਿ = ਸਦਾ = ਥਿਰ ਪ੍ਰਭੂ ਵਿਚ ।
ਤੁਧੁ = ਤੈਨੂੰ ।
ਭਾਏ = ਚੰਗੇ ਲੱਗੇ ।
ਸਚੁ = ਸਦਾ = ਥਿਰ ਪ੍ਰਭੂ ।
ਸਹਜ = ਆਤਮਕ ਅਡੋਲਤਾ ।
ਸੁਭਾਏ = ਸੁਭਾਇ, ਪ੍ਰੇਮ ਵਿਚ ।
ਸਹਜ ਸੁਭਾਏ = ਆਤਮਕ ਅਡੋਲਤਾ ਦੇ ਭਾਵ ਵਿਚ ।
ਸਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ।
ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਾਂ ।
ਸਚੈ ਮੇਲਿ = ਸਦਾ = ਥਿਰ ਪ੍ਰਭੂ ਦੇ ਮੇਲ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ।੧ ।
ਧਿਆਇਨਿ = ਧਿਆਨ ਧਰਦੇ ਹਨ ।
ਰਾਤੇ = ਮਸਤ ।
ਸਚੇ ਸਚਿ = ਸਦਾ = ਥਿਰ ਪ੍ਰਭੂ ਵਿਚ ਹੀ ।ਰਹਾਉ।ਜਹ—ਜਿਥੇ ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ ।
ਮੰਨਿ = ਮਨ ਵਿਚ ।
ਵਸਾਈ = ਵਸਾਈ, ਮੈਂ ਵਸਾਂਦਾ ਹਾਂ ।
ਤਨੁ ਸਚਾ = ਅਡੋਲ ਸਰੀਰ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਅਡੋਲ ।
ਰਸਨਾ = ਜੀਭ ।੨ ।
ਮਨਸਾ = {ਮਨੀ—ਾ} ਕਾਮਨਾ ।
ਮਾਰਿ = (ਮਨੁ) ਮਾਰਿ, (ਮਨ ਨੂੰ) ਮਾਰ ਕੇ ।
ਇਨਿ = ਇਸ ਨੇ ।
ਮਨਿ = ਮਨ ਨੇ ।
ਇਨਿ ਮਨਿ = ਇਸ ਮਨ ਨੇ ।
ਘਰਿ = ਘਰ ਵਿਚ ।੩ ।
ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਨੇ ।
ਰਿਦੈ = ਹਿਰਦੇ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।
ਵੇਖਿ = ਵੇਖ ਕੇ ।
ਸਾਲਾਹੀ = ਮੈਂ ਸਲਾਹੁੰਦਾ ਹਾਂ ।੪ ।
ਲਿਵ = ਲਗਨ ।
ਸਮਾਲਹਿ = ਹਿਰਦੇ ਵਿਚ ਸਾਂਭਦੇ ਹਨ ।੫ ।
ਲੇਖਾ = ਪਰਮਾਤਮਾ ਦੇ ਗੁਣਾਂ ਦੀ ਹਸਤੀ ਦਾ ਅੰਤ ਲੱਭਣ ਵਾਲਾ ਹਿਸਾਬ ।
ਅਗਮੁ = ਅਪਹੁੰਚ ।
ਅਗੋਚਰੁ = {ਅ = ਗੋ-ਚਰੁ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਾਹ ਹੋ ਸਕੇ ।
ਸੁਧਿ = ਸਮਝ ।
ਅਨਦਿਨੁ = ਹਰ ਰੋਜ਼ ।
ਸਚ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ।
ਸਾਂਤਿ = ਆਤਮਕ ਅਡੋਲਤਾ ।
ਜਾਲੇ = ਸਾੜੇ ।
ਬਿਖੁ = ਜ਼ਹਰ ।
ਬਿਹਾਝਹਿ = ਖ਼ਰੀਦਦੇ ਹਨ ।
ਬੋਲਿ = ਬੋਲ ਕੇ ।੭ ।
ਏਕੋ = ਇਕ ਪਰਮਾਤਮਾ ਨੂੰ ਹੀ ।੮ ।
    
Sahib Singh
(ਹੇ ਪ੍ਰਭੂ!) ਜੇਹੜੇ ਬੰਦੇ ਤੈਨੂੰ ਚੰਗੇ ਲੱਗਦੇ ਹਨ ਉਹ (ਤੇਰੇ) ਸਦਾ-ਥਿਰ ਨਾਮ ਵਿਚ ਜੁੜੇ ਰਹਿੰਦੇ ਹਨ ।
ਉਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕ ਕੇ) ਸਦਾ (ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਨੂੰ ਸਿਮਰਦੇ ਹਨ ।
(ਹੇ ਭਾਈ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਭੀ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ ।
(ਜੇਹੜੇ ਸਿਫ਼ਤਿ-ਸਾਲਾਹ ਕਰਦੇ ਹਨ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ।੧ ।
ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਉਸ ਸਦਾ-ਥਿਰ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਸਦਾ-ਥਿਰ ਵਿਚ ਲੀਨ ਰਹਿੰਦੇ ਹਨ ।੧।ਰਹਾਉ ।
(ਹੇ ਭਾਈ!) ਮੈਂ ਜਿਧਰ ਵੇਖਦਾ ਹਾਂ, ਸਦਾ-ਥਿਰ ਪਰਮਾਤਮਾ ਸਭ ਥਾਈਂ ਵੱਸਦਾ ਹੈ ।
ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਮੈਂ ਆਪਣੇ ਮਨ ਵਿਚ ਵਸਾ ਸਕਦਾ ਹਾਂ ।
ਜੇਹੜੇ ਮਨੁੱਖ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸੁਣ ਕੇ ਉਚਾਰ ਕੇ ਉਸ ਦੇ ਗੁਣ ਕਥਨ ਕਰਦੇ ਹਨ, ਉਹਨਾਂ ਦੀ ਜੀਭ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੀ ਜਾਂਦੀ ਹੈ, ਉਹਨਾਂ ਦੇ ਗਿਆਨ-ਇੰਦ੍ਰੇ ਅਡੋਲ ਹੋ ਜਾਂਦੇ ਹਨ ।੨ ।
(ਮਨ ਨੂੰ) ਮਾਰ ਕੇ ਜਿਸ ਮਨੁੱਖ ਦੀ ਵਾਸਨਾ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਈ ਹੈ, ਉਸ ਨੇ ਇਸ (ਟਿਕੇ ਹੋਏ) ਮਨ ਦੀ ਰਾਹੀਂ ਇਹ ਸਾਰੀ ਜਨਮ ਮਰਨ ਦੇ ਗੇੜ ਦੀ ਖੇਡ ਵੇਖ ਲਈ ਹੈ (ਸਮਝ ਲਈ ਹੈ) ।
ਉਹ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਸ ਦਾ ਮਨ ਸਦਾ ਵਾਸਤੇ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ, ਉਹ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਕਰ ਲੈਂਦਾ ਹੈ ।੩ ।
(ਹੇ ਭਾਈ!) ਗੁਰੂ ਦੇ ਸ਼ਬਦ ਨੇ (ਮੈਨੂੰ ਪਰਮਾਤਮਾ ਮੇਰੇ) ਹਿਰਦੇ ਵਿਚ (ਵੱਸਦਾ) ਵਿਖਾ ਦਿੱਤਾ ਹੈ, ਸ਼ਬਦ ਨੇ (ਮੇਰੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ ਹੈ ।
(ਹੁਣ) ਮੈਂ (ਹਰ ਥਾਂ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਵੇਖਕੇ (ਉਸ ਦੀ) ਸਿਫ਼ਤਿ-ਸਾਲਾਹ ਕਰਦਾ ਹਾਂ ।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ (ਜੁੜਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ ।੪ ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ (ਪ੍ਰਭੂ ਦੇ ਚਰਨਾਂ ਵਾਸਤੇ) ਸਦਾ ਕਾਇਮ ਰਹਿਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ ।
ਉਹ ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦੇ ਹਨ ।
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੋੜਦਾ ਹੈ, ਉਹ ਸਾਧ ਸੰਗਤਿ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਸ ਦੇ ਗੁਣ ਗਾਂਦੇ ਹਨ ।੫ ।
(ਹੇ ਭਾਈ!) ਉਸ ਪਰਮਾਤਮਾ ਦੀ ਕੁਦਰਤਿ ਦਾ ਉਸ ਦੀ ਹਸਤੀ ਦਾ ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਜਤਨ ਵਿਅਰਥ ਹੈ, ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ ।
ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ ।
ਪਰ (ਪਰਮਾਤਮਾ ਦੀ ਇਸ ਅਗਾਧਤਾ ਦੀ) ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ ।
ਮੈਂ ਤਾਂ ਹਰ ਵੇਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਹੀ ਕਰਦਾ ਹਾਂ ।
ਕੋਈ ਭੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ ਕਿਹਾ ਜਾ ਸਕੇ ।੬ ।
(ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ) ਪੜ੍ਹ ਪੜ੍ਹ ਕੇ (ਵਿਦਵਾਨ ਲੋਕ) ਥੱਕ ਗਏ, (ਪ੍ਰਭੂ ਦਾ ਸਰੂਪ ਭੀ ਨਾਹ ਸਮਝ ਸਕੇ, ਤੇ) ਆਤਮਕ ਅਡੋਲਤਾ (ਭੀ) ਪ੍ਰਾਪਤ ਨਾਹ ਹੋਈ, ਸਗੋਂ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਹੀ ਸੜਦੇ ਰਹੇ ।
ਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ-ਜ਼ਹਰ ਹੀ ਇੱਕਠੀ ਕਰਦੇ ਰਹਿੰਦੇ ਹਨ, ਇਸ ਮਾਇਆ-ਜ਼ਹਰ ਦੇ ਮੋਹ ਦੀ ਹੀ ਉਹਨਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ (ਆਤਮਕ ਖ਼ੁਰਾਕ) ਬਣਾਈ ਰੱਖਦੇ ਹਨ ।੭ ।
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ਼ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ, ਪ੍ਰਭੂ ਤੋਂ ਬਿਨਾ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਗਿਆ ।
ਜਿਨ੍ਹਾਂ ਦੇ ਮਨ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੇ ਚਰਨਾਂ ਵਿਚ) ਮਿਲਾਪ ਹਾਸਲ ਕਰ ਲੈਂਦੇ ਹਨ ।੮।੧੭।੧੮ ।
Follow us on Twitter Facebook Tumblr Reddit Instagram Youtube