ਮਾਝ ਮਹਲਾ ੩ ॥
ਉਤਪਤਿ ਪਰਲਉ ਸਬਦੇ ਹੋਵੈ ॥
ਸਬਦੇ ਹੀ ਫਿਰਿ ਓਪਤਿ ਹੋਵੈ ॥
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥

ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥

ਤਿਨਿ ਕਰਤੈ ਇਕੁ ਖੇਲੁ ਰਚਾਇਆ ॥
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥

ਸਚਾ ਸਾਹੁ ਸਚੇ ਵਣਜਾਰੇ ॥
ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥

ਬਿਨੁ ਰਾਸੀ ਕੋ ਵਥੁ ਕਿਉ ਪਾਏ ॥
ਮਨਮੁਖ ਭੂਲੇ ਲੋਕ ਸਬਾਏ ॥
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥

ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
ਆਪਿ ਤਰਹਿ ਸਗਲੇ ਕੁਲ ਤਾਰੇ ॥
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥

ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
ਮਨਮੁਖ ਅੰਧੇ ਫਿਰਹਿ ਬੇਤਾਲੇ ॥
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥

ਆਪੇ ਦੇਵੈ ਸਬਦਿ ਬੁਲਾਏ ॥
ਮਹਲੀ ਮਹਲਿ ਸਹਜ ਸੁਖੁ ਪਾਏ ॥
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥

Sahib Singh
ਉਤਪਤਿ = ਪੈਦਾਇਸ਼ ।
ਪਰਲਉ = {ਪ੍ਰਲਯ} ਜਗਤ ਦਾ ਨਾਸ਼ ।
ਸਬਦੇ = ਸਬਦਿ ਹੀ, ਪਰਮਾਤਮਾ ਦੇ ਹੁਕਮ ਵਿਚ ਹੀ ।
ਓਪਤਿ = ਉਤਪੱਤੀ ।
ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ ।
ਸਭੁ = ਹਰ ਥਾਂ ।
ਉਪਾਇ = ਪੈਦਾ ਕਰ ਕੇ ।੧ ।
ਮੰਨਿ = ਮਨਿ, ਮਨ ਵਿਚ ।
ਤੇ = ਤੋਂ, ਪਾਸੋਂ ।
ਸਾਤਿ = ਸ਼ਾਂਤੀ, ਆਤਮਕ ਅਡੋਲਤਾ ।
ਗੁਣੀ = ਗੁਣਾਂ ਦਾ ਮਾਲਕ ਪ੍ਰਭੂ ।੧।ਰਹਾਉ ।
ਖੇਲੈ = (ਪ੍ਰਭੂ) ਖੇਡ ਰਿਹਾ ਹੈ ।
ਵਿਡਾਣੀ = ਅਸਚਰਜ ।
ਨਿਗੁਰਾ = ਗੁਰੂ ਤੋਂ ਬਿਨਾ ।
ਮਰਿ = ਆਤਮਕ ਮੌਤ ਸਹੇੜ ਕੇ ।੨ ।
ਤਿਨਿ = ਉਸ ਨੇ ।
ਤਿਨਿ ਕਰਤੈ = ਉਸ ਕਰਤਾਰ ਨੇ ।
ਸਭੁ ਕਿਛੁ = ਹਰੇਕ ਗੁਣ ।
ਭੇਦਿ = ਵਿੰਨ੍ਹ ਕੇ, ਆਪੇ ਦੀ ਖੋਜ ਕਰ ਕੇ ।
ਮਹਲੁ = ਪਰਮਾਤਮਾ ਦੀ ਹਜ਼ੂਰੀ ।
ਮਹਲੇ = ਮਹਲਿ, ਪ੍ਰਭੂ ਦੀ ਹਜ਼ੂਰੀ ਵਿਚ ।੩ ।
ਸਚਾ = ਸੱਚਾ, ਸਦਾ = ਥਿਰ ਪ੍ਰਭੂ ।
ਸਚੇ = ਸਦਾ = ਥਿਰ ਪ੍ਰਭੂ ਦੇ ।
ਵਣੰਜਹਿ = ਵਿਹਾਝਦੇ ਹਨ ।
ਹੇਤਿ = ਪ੍ਰੇਮ ਵਿਚ ।
ਅਪਾਰੇ = ਬੇਅੰਤ ।੪ ।
ਰਾਸੀ = ਸਰਮਾਇਆ, ਪੂੰਜੀ ।
ਕੋ = ਕੋਈ ਮਨੁੱਖ ।
ਵਥੁ = ਵਸਤੁ, ਨਾਮ = ਵਸਤੁ ।
ਸਬਾਏ = ਸਾਰੇ ।
ਜਾਇ = ਜਾ ਕੇ ।੫ ।
ਇਕਿ = {ਲਫਜ਼ ‘ਇਕ’ ਤੋਂ ਬਹੁ-ਵਚਨ} ।
ਪਿਆਰੇ = ਪਿਆਰਿ, ਪਿਆਰ ਵਿਚ (ਟਿਕ ਕੇ) ।
ਤਾਰੇ = ਤਾਰਿ, ਤਾਰ ਕੇ ।੬ ।
ਬਾਹਰੁ = ਬਾਹਰਲਾ ਪਦਾਰਥ ।
ਮੂੜਾ = ਮੂਰਖ ।
ਬੇਤਾਲੇ = ਤਾਲ ਤੋਂ ਖੁੰਝੇ ਹੋਏ, ਸਹੀ ਜੀਵਨ-ਚਾਲ ਤੋਂ ਖੁੰਝੇ ਹੋਏ ।
ਭਰਮਿ = ਭਟਕਣਾ ਵਿਚ (ਪੈ ਕੇ) ।੭ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਬੁਲਾਏ = ਸੱਦਦਾ ਹੈ (ਆਪਣੇ ਨੇੜੇ) ।
ਮਹਲੀ = ਮਹਲ ਦਾ ਮਾਲਕ ਪ੍ਰਭੂ ।
ਮਹਲੀ ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ ।
ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ ।
ਨਾਮਿ = ਨਾਮ ਵਿਚ (ਜੁੜਿਆ) ।੮ ।
    
Sahib Singh
ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ ।
(ਨਾਸ ਤੋਂ ਪਿੱਛੋਂ) ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ।੧ ।
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ ।
ਗੁਰੂ ਪਾਸੋਂ ਆਤਮਕ ਅਡੋਲਤਾ ਮਿਲਦੀ ਹੈ, (ਗੁਰੂ ਦੀ ਸਰਨ ਪੈ ਕੇ) ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਰਹਿੰਦਾ ਹੈ ।੧।ਰਹਾਉ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ ।
ਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ।੨।(ਹੇ ਭਾਈ!) ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ ।
ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ।੩ ।
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, (ਜਗਤ ਦੇ ਸਾਰੇ ਜੀਵ) ਉਸ ਸਦਾ-ਥਿਰ ਸ਼ਾਹ ਦੇ (ਭੇਜੇ ਹੋਏ) ਵਪਾਰੀ ਹਨ ।
ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ ।
ਉਹ ਸਦਾ-ਥਿਰ ਰਹਿਣ ਵਾਲਾ ਨਾਮ ਵਿਹਾਝਦੇ ਹਨ, ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਂਦੇ ਰਹਿੰਦੇ ਹਨ ।੪ ।
ਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ ?
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ ।
ਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ।੫ ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ ।
ਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ।੬ ।
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ ।
ਜਿਸ (ਗੁਰੂ) ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ (ਮਨਮੁਖ) ਉਥੋਂ ਪ੍ਰਾਪਤ ਨਹੀਂ ਕਰਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ।੭ ।
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ ।
(ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ ।
ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ ।੮।੧੩।੧੪ ।
Follow us on Twitter Facebook Tumblr Reddit Instagram Youtube