ਮਾਝ ਮਹਲਾ ੩ ॥
ਆਪੇ ਰੰਗੇ ਸਹਜਿ ਸੁਭਾਏ ॥
ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥
ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥

ਮਨਮੁਖ ਮੁਗਧ ਕਰਹਿ ਚਤੁਰਾਈ ॥
ਨਾਤਾ ਧੋਤਾ ਥਾਇ ਨ ਪਾਈ ॥
ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥

ਮਨਮੁਖ ਅੰਧੇ ਕਿਛੂ ਨ ਸੂਝੈ ॥
ਮਰਣੁ ਲਿਖਾਇ ਆਏ ਨਹੀ ਬੂਝੈ ॥
ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥

ਸਚੁ ਕਰਣੀ ਸਬਦੁ ਹੈ ਸਾਰੁ ॥
ਪੂਰੈ ਗੁਰਿ ਪਾਈਐ ਮੋਖ ਦੁਆਰੁ ॥
ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥

ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥
ਮਨੁ ਤਨੁ ਮੋਹਿਆ ਸਹਜਿ ਸੁਭਾਏ ॥
ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥

ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥
ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥
ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥

ਸਚਾ ਸਚੋ ਸਚਿ ਪਤੀਜੈ ॥
ਗੁਰ ਪਰਸਾਦੀ ਅੰਦਰੁ ਭੀਜੈ ॥
ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥

ਜਿਸ ਨੋ ਨਦਰਿ ਕਰੇ ਸੋ ਪਾਏ ॥
ਗੁਰ ਪਰਸਾਦੀ ਹਉਮੈ ਜਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥

Sahib Singh
ਆਪੇ = (ਪ੍ਰਭੂ) ਆਪ ਹੀ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਏ = ਸੁਭਾਇ, ਸੋਹਣੇ ਪ੍ਰੇਮ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।
ਰਤਾ = ਰੱਤਾ, ਰੰਗਿਆ ਜਾਂਦਾ ਹੈ ।
ਰਸਨਾ = ਜੀਭ ।
ਚਲੂਲੀ = ਗੂੜ੍ਹੇ ਰੰਗ ਵਾਲੀ ।
ਭੈ = (ਪ੍ਰਭੂ ਦੇ) ਡਰ = ਅਦਬ ਵਿਚ ।
ਭਾਇ = (ਪ੍ਰਭੂ ਦੇ) ਪ੍ਰੇਮ ਵਿਚ ।੧ ।
ਮੰਨਿ = ਮਨਿ, ਮਨ ਵਿਚ ।
ਤੇ = ਤੋਂ, ਨਾਲ ।
ਬਿਖੁ = ਜ਼ਹਰ ।
ਭਉਜਲੁ = ਸੰਸਾਰ = ਸਮੁੰਦਰ ।੧।ਰਹਾਉ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਮੁਗਧ = ਮੂਰਖ ।
ਥਾਇ = ਥਾਂ ਵਿਚ ।
ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ ।
ਜਾਸੀ = ਜਾਇਗਾ ।੨ ।
ਕਿਛੂ ਨਾ ਸੂਝੈ = (ਸਹੀ ਜੀਵਨ-ਜੁਗਤਿ ਬਾਰੇ) ਕੁਝ ਭੀ ਨਹੀਂ ਅਹੁੜਦਾ ।੩ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਕਰਣੀ = {ਕਰਣੀਯ} ਕਰਨ = ਜੋਗ ਕੰਮ ।
ਸਰੁ = ਸ੍ਰੇਸ਼ਟ (ਕੰਮ) ।
ਗੁਰਿ = ਗੁਰੂ ਦੀ ਰਾਹੀਂ ।
ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ।
ਅਨਦਿਨੁ = ਹਰ ਰੋਜ਼ ।
ਸਬਦਿ = ਸ਼ਬਦ ਦੀ ਰਾਹੀਂ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
ਰਸਿ = ਰਸ ਵਿਚ ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) ।੫ ।
ਰੰਗੁ = ਲਗਨ ।
ਸੁਖਿ = ਆਤਮਕ ਆਨੰਦ ਵਿਚ ।
ਵਿਟਹੁ = ਤੋਂ ।੬ ।
ਪਤੀਜੈ = ਗਿੱਝ ਜਾਂਦਾ ਹੈ ।
ਅੰਦਰੁ = ਹਿਰਦਾ {ਲਫ਼ਜ਼ ‘ਅੰਦਰ’ ਨਾਂਵ ਹੈ, ਲਫ਼ਜ਼ ‘ਅੰਦਰਿ’ ੁਸੰਬੰਧਕ ਹ ੈ ।
    ਦੋਹਾਂ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।
ਬੈਸਿ = ਬੈਠ ਕੇ, ਟਿਕ ਕੇ ।
ਸੁਥਾਨਿ = ਸ੍ਰੇਸ਼ਟ ਥਾਂ ਵਿਚ ।
ਆਪੇ = ਪ੍ਰਭੂ ਆਪ ਹੀ ।
ਸਤਿ = {ਸÄਯ} ਠੀਕ ।੭ ।
ਜਿਸ ਨੋ = {ਵੇਖੋ ‘ਜਿਸੁ ਅੰਦਰਿ’ ।
    ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਅੰਤਰਿ = ਵਿਚ ।
ਦਰਿ = ਦਰ ਤੇ ।੮ ।
    
Sahib Singh
ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ, ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ, ਉਹਨਾਂ ਦਾ ਮਨਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ ।
ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ।
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ ।
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ।੧।ਰਹਾਉ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ) (ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ ।
(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਅੌਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ।੨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ (ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ, ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ।੩ ।
(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ ।
ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ ।
(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ।੪ ।
ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ ।
ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ।੫ ।
ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ ।
ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ ।
ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ।੬।ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤਿ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ, ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।
ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤਿ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ।੭ ।
ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ।
ਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ।
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ।੮।੮।੯ ।
Follow us on Twitter Facebook Tumblr Reddit Instagram Youtube