ਮਾਝ ਮਹਲਾ ੩ ॥
ਇਕੋ ਆਪਿ ਫਿਰੈ ਪਰਛੰਨਾ ॥
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥

ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥
ਇਕੁ ਵਿਸਾਰਿ ਦੂਜੈ ਲੋਭਾਇਆ ॥
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥

ਜੋ ਰੰਗਿ ਰਾਤੇ ਕਰਮ ਬਿਧਾਤੇ ॥
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥

ਮਾਇਆ ਮੋਹਿ ਹਰਿ ਚੇਤੈ ਨਾਹੀ ॥
ਜਮਪੁਰਿ ਬਧਾ ਦੁਖ ਸਹਾਹੀ ॥
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥

ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥
ਭਾਇ ਭਗਤਿ ਤੇਰੈ ਮਨਿ ਭਾਏ ॥
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥

ਹਰਿ ਜੀਉ ਤੇਰੀ ਸਦਾ ਸਰਣਾਈ ॥
ਆਪੇ ਬਖਸਿਹਿ ਦੇ ਵਡਿਆਈ ॥
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥

ਅਨਦਿਨੁ ਰਾਤੇ ਜੋ ਹਰਿ ਭਾਏ ॥
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥

ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥
ਹਰਿ ਗੁਣ ਗਾਵਹਿ ਸਚੁ ਵਖਾਣੇ ॥
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥

Sahib Singh
ਪਰਛੰਨਾ = {ਪਰਿÁਛਂਨ—ਓਨਵੲਲੋਪੲਦ, ਚਲੋਟਹੲਦ} ਢਕਿਆ ਹੋਇਆ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਭਿੰਨਾ = ਭਿੱਜ ਗਿਆ ।
ਤਜਿ = ਛੱਡ ਕੇ ।
ਸਹਜੁ ਸੁਖੁ = ਆਤਮਕ ਅਡੋਲਤਾ ਦਾ ਆਨੰਦ ।
ਮੰਨਿ = ਮਨਿ, ਮਨ ਵਿਚ ।੧ ।
ਹਉ = ਮੈਂ ।
ਇਕਸੁ ਸਿਉ = ਸਿਰਫ਼ ਇਕ ਨਾਲ ।
ਇਕਤੁ ਘਰਿ = ਇਕ ਘਰ ਵਿਚ ।ਰਹਾਉ ।
ਬਿਸਾਰਿ = ਭੁਲਾ ਕੇ ।
ਦੂਜੈ = ਤੈਥੋਂ ਬਿਨਾ ਕਿਸੇ ਹੋਰ ਵਿਚ, ਮਾਇਆ ਦੇ ਮੋਹ ਵਿਚ ।
ਅਨਦਿਨੁ = ਹਰ ਰੋਜ਼ {ਅਨੁਦਿਨਜ਼} ।
ਭ੍ਰਮਿ = ਭਟਕਣਾ ਵਿਚ ।੨।ਰੰਗਿ—ਪ੍ਰੇਮ ਵਿਚ ।
ਬਿਧਾਤਾ = ਜਗਤ = ਰਚਨਾ ਕਰਨ ਵਾਲਾ ।
ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ।
ਤੇ = ਤੋਂ, ਨਾਲ ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਲਈ ।
ਜਾਤੇ = ਪ੍ਰਸਿੱਧ ਹੋ ਜਾਂਦੇ ਹਨ ।
ਦੇਇ = ਦੇਂਦਾ ਹੈ ।
ਨਾਮਿ = ਨਾਮ ਵਿਚ ।੩ ।
ਮੋਹਿ = ਮੋਹ ਵਿਚ (ਫਸ ਕੇ) ।
ਜਮ ਪੁਰਿ = ਜਮ ਦੀ ਨਗਰੀ ਵਿਚ ।
ਸਹਾਹੀ = ਸਹੈ, ਸਹਾਰਦਾ ਹੈ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਪਾਪਿ = ਪਾਪ ਵਿਚ ।
ਪਚਾਵਣਿਆ = {Èਲੁ——ਸੜਨਾ} ਸੜਦੇ ਹਨ, ਦੁਖੀ ਹੁੰਦੇ ਹਨ ।੪ ।
ਇਕਿ = {ਲਫ਼ਜ਼ ‘ਇਕ ਤੋਂ ਬਹੁ-ਵਚਨ} ।
ਤੁਧੁ = ਤੂੰ ।
ਭਾਇ = ਪ੍ਰੇਮ ਵਿਚ ।
ਮਨ = ਮਨ ਵਿਚ ।
ਭਾਏ = ਪਿਆਰੇ ਲੱਗੇ ।
ਸੇਵਨਿ = ਸੇਂਵਦੇ ਹਨ ।੫ ।
ਹਰਿ ਜੀਉ = ਹੇ ਪ੍ਰਭੂ ਜੀ !
ਦੇ = ਦੇ ਕੇ ।
ਜਮ ਕਾਲੁ = ਮੌਤ, ਆਤਮਕ ਮੌਤ ।੬ ।
ਪ੍ਰਭਿ = ਪ੍ਰਭੂ ਨੇ ।
ਮੇਲਿ = ਮਿਲਾਪ ਵਿਚ ।
ਸਚੇ = ਹੇ ਸਦਾ = ਥਿਰ ਪ੍ਰਭੂ !
ਸਚੁ = ਸਦਾ = ਥਿਰ ਨਾਮ ।੭ ।
ਜਾਤਾ = ਸਾਂਝ ਪਾ ਲਈ, ਪਛਾਣ ਲਿਆ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਵਖਾਣੇ = ਵਖਾਣਿ, ਵਖਾਣ ਕੇ, ਉਚਾਰ ਕੇ ।
ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ ।
ਨਿਜ ਘਰਿ = ਆਪਣੇ ਘਰ ਵਿਚ ।
ਤਾੜੀ = ਸਮਾਧੀ ।੮ ।
    
Sahib Singh
(ਦਿ੍ਰਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ ।
(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ ।
ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ।੧।ਰਹਾਉ ।
(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ, ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ ।
ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ।੨ ।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ, ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ ।
(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ।੩ ।
ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ, ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਨਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ।੪ ।
(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, (ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ।
ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ ।
ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ।੫ ।
ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ ।
ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ ।
(ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ।੬ ।
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ ।
ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ ।
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ।੭ ।
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ।੮।੩।੪ ।
Follow us on Twitter Facebook Tumblr Reddit Instagram Youtube