ਮਾਝ ਮਹਲਾ ੩ ॥
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥
ਬਿਨੁ ਤਕੜੀ ਤੋਲੈ ਸੰਸਾਰਾ ॥
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥

ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

ਆਪਿ ਸੁਣੈ ਤੈ ਆਪੇ ਵੇਖੈ ॥
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥

ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥
ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥
ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥

ਪੇਈਅੜੈ ਧਨ ਅਨਦਿਨੁ ਸੁਤੀ ॥
ਕੰਤਿ ਵਿਸਾਰੀ ਅਵਗਣਿ ਮੁਤੀ ॥
ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥

ਪੇਈਅੜੈ ਸੁਖਦਾਤਾ ਜਾਤਾ ॥
ਹਉਮੈ ਮਾਰਿ ਗੁਰ ਸਬਦਿ ਪਛਾਤਾ ॥
ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥

ਲਖ ਚਉਰਾਸੀਹ ਜੀਅ ਉਪਾਏ ॥
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥

ਲੇਖਾ ਮਾਗੈ ਤਾ ਕਿਨਿ ਦੀਐ ॥
ਸੁਖੁ ਨਾਹੀ ਫੁਨਿ ਦੂਐ ਤੀਐ ॥
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥

ਆਪਿ ਕਰੇ ਤੈ ਆਪਿ ਕਰਾਏ ॥
ਪੂਰੇ ਗੁਰ ਕੈ ਸਬਦਿ ਮਿਲਾਏ ॥
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥

Sahib Singh
ਨਿਰਮਲੁ = ਵਿਕਾਰਾਂ ਦੀ ਮੈਲ ਤੋਂ ਰਹਿਤ ।
ਅਗਮ = ਅਪਹੁੰਚ ।
ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ।
ਗੁਰਮੁਖਿ = ਗੁਰੂ ਦੇ ਸਨਮੁਖ ।
ਕਹਿ = ਆਖ ਕੇ ।
ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ।੧ ।
ਹਉ = ਮੈਂ ।
ਮੰਨਿ = ਮਨਿ, ਮਨ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਜਾਗੇ = ਮਾਇਆ ਦੇ ਹੱਲਿਆਂ ਤੋਂ ਸੁਚੇਤ ।
ਦਰਿ = ਦਰ ਤੇ ।੧।ਰਹਾਉ ।
ਤੈ = ਅਤੇ ।
ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਲੇਖੈ = ਲੇਖੇ ਵਿਚ, ਪਰਵਾਨ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।੨ ।
ਭੁਲਾਏ = ਗ਼ਲਤ ਜੀਵਨ = ਰਾਹ ਤੇ ਪਾ ਦੇਵੇ ।
ਕਿਥੈ ਹਥੁ ਪਾਏ = ਕਿਸ ਦਾ ਪੱਲਾ ਫੜੇ ?
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) ।
ਲਿਖਿਆ = ਸੰਸਕਾਰ = ਰੂਪ ਲੇਖ ।
ਕਰਮਿ = ਮਿਹਰ ਨਾਲ ।੩ ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਧਨ = (ਜੀਵ = ) ਇਸਤ੍ਰੀ ।
ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ।
ਕੰਤਿ = ਕੰਤ ਨੇ ।
ਵਿਸਾਰੀ = ਭੁਲਾ ਦਿਤੀ ।
ਅਵਗਣਿ = ਅੌਗੁਣ ਦੇ ਕਾਰਨ ।
ਮੁਤੀ = ਛੱਡੀ ਹੋਈ, ਛੁੱਟੜ ।
ਨੀਂਦ = ਆਤਮਕ ਸ਼ਾਂਤੀ ।੪।ਸੁਖਦਾਤਾ—ਸੁਖ ਦੇਣ ਵਾਲਾ ਪ੍ਰਭੂ ।
ਜਾਤਾ = ਪਛਾਣਿਆ ।
ਸਬਦਿ = ਸ਼ਬਦ ਵਿਚ ਜੁੜ ਕੇ ।
ਸੇਜ = ਹਿਰਦਾ = ਸੇਜ ।
ਸੁਹਾਵੀ = ਸੋਹਣੀ ।
ਰਾਵੇ = ਮਾਣਦੀ ਹੈ ।
ਸਚੁ = ਸਦਾ ਕਾਇਮ ਰਹਿਣ ਵਾਲਾ ।੫ ।
ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ} ।
ਕਿਲਬਿਖ = ਪਾਪ ।
ਕਾਟਿ = ਕੱਟ ਕੇ ।
ਨਾਮਿ = ਨਾਮ ਵਿਚ ।
    (ਜੁੜੇ ਰਹਿਣ ਦੇ ਕਾਰਨ) ।੬ ।
ਕਿਨਿ = ਕਿਸ ਨੇ ?
ਕਿਨਿ ਦੀਐ = ਕਿਸ ਨੇ ਦਿੱਤਾ ਹੈ ?
    ਕੋਈ ਨਹੀਂ ਦੇ ਸਕਦਾ ।
ਫੁਨਿ = ਮੁੜ ।
ਦੂਐ ਤੀਐ = ਗਿਣਤੀ ਕਰਨ ਵਿਚ, ਲੇਖਾ ਦੇਣ ਵਿਚ ।
ਬਖਸਿ = ਬਖ਼ਸ਼ ਕੇ ।੭ ।
ਤੈ = ਅਤੇ ।
ਕੈ ਸਬਦਿ = ਦੇ ਸ਼ਬਦ ਵਿਚ ।
ਮੇਲਿ = ਮਿਲਾਪ ਵਿਚ, ਚਰਨਾਂ ਵਿਚ ।੮ ।
    
Sahib Singh
ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ ।
ਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ) ।
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ।੧ ।
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ।੧।ਰਹਾਉ ।
ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ।
ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ ।
ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ।੨ ।
(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ ।
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ) ।
ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ ।
ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ।੩ ।
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ, ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ ।
ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ।੪ ।
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ, ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ।੫ ।
ਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ, ਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ ।
(ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ ।੬ ।
(ਅਸੀ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ) ।
(ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ ।
ਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।੭ ।
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ ।
ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੮।੨।੩ ।
Follow us on Twitter Facebook Tumblr Reddit Instagram Youtube