ਮਾਝ ਮਹਲਾ ੫ ॥
ਐਥੈ ਤੂੰਹੈ ਆਗੈ ਆਪੇ ॥
ਜੀਅ ਜੰਤ੍ਰ ਸਭਿ ਤੇਰੇ ਥਾਪੇ ॥
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥

ਰਸਨਾ ਜਪਿ ਜਪਿ ਜੀਵੈ ਸੁਆਮੀ ॥
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥

ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
ਜਨਮ ਜਨਮ ਕਾ ਰੋਗੁ ਗਵਾਇਆ ॥
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥

ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥

Sahib Singh
ਐਥੈ = ਇਸ ਲੋਕ ਵਿਚ ।
ਆਗੈ = ਪਰਲੋਕ ਵਿਚ ।
ਆਪੇ = (ਤੂੰ) ਆਪ ਹੀ ।
ਸਭਿ = ਸਾਰੇ ।
ਥਾਪੇ = ਪੈਦਾ ਕੀਤੇ ਹੋਏ ।
ਕਰਤੇ = ਹੇ ਕਰਤਾਰ !
ਧਰ = ਆਸਰਾ ।
ਓਟ = ਸਹਾਰਾ ।੧ ।
ਰਸਨਾ = ਜੀਭ (ਨਾਲ) ।
ਜਪਿ ਜਪਿ = ਮੁੜ ਮੁੜ ਜਪ ਕੇ ।
ਜੀਵੈ = (ਮਨੁੱਖ) ਆਤਮਕ ਜੀਵਨ ਹਾਸਲ ਕਰਦਾ ਹੈ ।
ਪ੍ਰਭੂ = ਹੇ ਪ੍ਰਭੂ !
ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ !
ਜਿਨਿ = ਜਿਸ (ਮਨੁੱਖ) ਨੇ ।
ਤਿਨ ਹੀ = ਤਿਨਿ ਹੀ, ਉਸ ਨੇ ਹੀ ।
{ਨੋਟ: = ਲਫ਼ਜ਼ ‘ਤਿਨ’ ਦੀ ‘ ਿ’ ਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ।
ਜੂਐ = ਜੂਏ ਦੀ ਖੇਡ ਵਿਚ ।
ਹਾਰੀ = ਹਾਰੈ, ਹਾਰਦਾ ।੨।ਅਵਖਧੁ—ਦਵਾਈ ।
ਜਿਨਿ = ਜਿਸ ਨੇ ।
ਜਨਿ = ਜਨ ਨੇ ।
ਜਿਨਿ ਜਨਿ ਤੇਰੈ = ਤੇਰੇ ਜਿਸ ਦਾਸ ਨੇ ।
ਕਾਰੀ = ਕਾਰ ।੩ ।
ਦਿ੍ਰਸਟਿ = ਮਿਹਰ ਦੀ ਨਜ਼ਰ ।
ਧਾਰਿ = ਧਾਰ ਕੇ ।
ਘਟ ਘਟ ਅੰਤਰਿ = ਹਰੇਕ ਸਰੀਰ ਵਿਚ ।
ਬਾਬਾ = ਹੇ ਭਾਈ !
ਨਾਨਕ = ਹੇ ਨਾਨਕ !
ਸਾਰੀ = ਸ੍ਰੇਸ਼ਟ ।੪ ।
    
Sahib Singh
ਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ ।
ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ ।
ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ।੨ ।
ਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ! (ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।
ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ।੨ ।
(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ, ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ ।
(ਹੇ ਭਾਈ!) ਰਾਤ ਦਿਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ ਲਾਭ ਦੇਣ ਵਾਲੀ ਹੈ ।੩ ।
(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ, ਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ) ।
ਹੇ ਨਾਨਕ! (ਆਖ—) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ—ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ ।੪।੩੯।੪੬ ।
Follow us on Twitter Facebook Tumblr Reddit Instagram Youtube