ਮਾਝ ਮਹਲਾ ੫ ॥
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥

ਸਿਮਰਤ ਨਾਮੁ ਦੋਖ ਸਭਿ ਲਾਥੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥

ਪ੍ਰਭੁ ਸਮਰਥੁ ਵਡ ਊਚ ਅਪਾਰਾ ॥
ਨਉ ਨਿਧਿ ਨਾਮੁ ਭਰੇ ਭੰਡਾਰਾ ॥
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥

ਕਰਿ ਕਿਰਪਾ ਮੇਰੇ ਦੀਨ ਦਇਆਲਾ ॥
ਜਾਚਿਕੁ ਜਾਚੈ ਸਾਧ ਰਵਾਲਾ ॥
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥

Sahib Singh
ਸੁਹਾਵੜੀ = ਸੁਖ ਦੇਣ ਵਾਲੀ, ਸੋਹਣੀ ।
ਸੁਹੇਲਾ = ਸੱਖਾ ।
ਜਪਿ = ਜਪ ਕੇ ।
ਅੰਮਿ੍ਰਤ = ਆਤਮਕ ਮੌਤ ਤੋਂ ਬਚਾਣ ਵਾਲਾ ।
ਸੰਗਿ = ਸੰਗ ਵਿਚ ।
ਮੂਰਤ = ਮੁਹੂਰਤ , ਦੋ ਘੜੀਆਂ ।
ਵੰਞਹਿ = ਬੀਤਣ ।
ਤਿਥਾਈ = ਉਥੇ ਹੀ ।੧ ।
ਦੋਖ = ਪਾਪ ।
ਸਭਿ = ਸਾਰੇ ।
ਭੈ = ਪ੍ਰਭੂ ਦਾ ਡਰ ਦਿਲ ਵਿਚ ਰੱਖਣ ਨਾਲ, ਭਉ ਦੇ ਕਾਰਨ ।
ਭਰਮੁ = ਭਟਕਣਾ ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ ।
ਜਾਈ = ਜਾਈਂ ।੨ ।
ਨਉ ਨਿਧਿ = ਨੌ ਖ਼ਜ਼ਾਨੇ ।
ਆਦਿ = ਸ਼ੁਰੂ ਵਿਚ ।
ਅੰਤਿ = ਅਖ਼ੀਰ ਵਿਚ ।
ਮਧਿ = ਵਿਚਕਾਰ ।
ਨ ਲਾਈ = ਨ ਲਾਈਂ, ਮੈਂ ਨਹੀਂ ਲਾਂਦਾ ।
ਲਵੈ = ਬਰਾਬਰ ।
ਲਵੈ ਨ ਲਾਈ = ਮੈਂ ਬਰਾਬਰ ਦਾ ਨਹੀਂ ਸਮਝਦਾ ।੩।ਜਾਚਿਕੁ—ਮੰਗਤਾ ।
ਜਾਚੈ = ਮੰਗਦਾ ਹੈ ।
ਰਵਾਲਾ = ਚਰਨ ਧੂੜ ।
ਸਾਧ = ਗੁਰੂ ।
ਜਨੁ = ਦਾਸ ।
ਨਾਨਕੁ ਮਾਗੈ = ਨਾਨਕ ਮੰਗਦਾ ਹੈ ।
ਧਿਆਈ = ਧਿਆਈਂ, ਮੈਂ ਧਿਆਵਾਂ ।੪ ।
    
Sahib Singh
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ ਤਾਂ ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ ।
ਜਿਥੇ ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ।੧ ।
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ, ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ ।
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ।੨ ।
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ, ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ ।
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ ।
ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ।੩ ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ।
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ।
(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ।੪।੩੮।੪੫ ।
Follow us on Twitter Facebook Tumblr Reddit Instagram Youtube