ਮਾਝ ਮਹਲਾ ੫ ॥
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥

ਸਚੁ ਵਡਾਈ ਕੀਮ ਨ ਪਾਈ ॥
ਕੁਦਰਤਿ ਕਰਮੁ ਨ ਕਹਣਾ ਜਾਈ ॥
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥

ਸਚੁ ਸਾਲਾਹਣੁ ਵਡਭਾਗੀ ਪਾਈਐ ॥
ਗੁਰ ਪਰਸਾਦੀ ਹਰਿ ਗੁਣ ਗਾਈਐ ॥
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥

ਸਚੇ ਅੰਤੁ ਨ ਜਾਣੈ ਕੋਈ ॥
ਥਾਨਿ ਥਨੰਤਰਿ ਸਚਾ ਸੋਈ ॥
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥

Sahib Singh
ਸਚੁ = ਸਦਾ = ਥਿਰ, ਅਟੱਲ ।
ਮੰਦਰੁ = ਦੇਵ ਅਸਥਾਨ ।
ਜਿਤੁ = ਜਿਸ ਵਿਚ ।
ਰਿਦਾ = ਹਿਰਦਾ ।
ਸੁਹੇਲਾ = ਸੁਖੀ ।
ਗਾਈਐ = ਗਾਵੀਏ ।
ਸਾ = {‘ਸਾ’ ਇਸਤ੍ਰੀ ਲਿੰਗ ਹੈ, ਤੇ ‘ਸੋ’ ਪੁਲਿੰਗ ਹੈ} ਉਹ ।
ਸੁਹਾਵੀ = ਸੁਖ ਦੇਣ ਵਾਲੀ, ਸੋਹਣੀ ।
ਵਿਟਹੁ = ਤੋਂ ।
ਕੁਰਬਾਣੋ = ਕੁਰਬਾਣੁ ।੧ ।
ਕੀਮ = ਕੀਮਤ ।
ਕਰਮੁ = ਬਖ਼ਸ਼ਸ਼ ।
ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ ।
ਮਨਿ = ਮਨ ਵਿਚ ।
ਮਾਣੋ = ਮਾਣੁ, ਆਸਰਾ ।੨ ।
ਰੰਗਿ = ਪ੍ਰੇਮ ਵਿਚ ।
ਤੇਰੈ ਰੰਗਿ = ਤੇਰੇ ਪ੍ਰੇਮ ਵਿਚ ।
ਤੁਧੁ = ਮੈਨੂੰ ।
ਨੀਸਾਣੋ = ਨੀਸਾਣੁ, ਪਰਵਾਨਾ ।੩।ਸਚੇ ਅੰਤੁ—ਸਦਾ-ਥਿਰ ਪ੍ਰਭੂ ਦਾ ਅੰਤ ।
ਥਾਨਿ ਥਨੰਤਰਿ = ਥਾਨਿ ਥਾਨ ਅੰਤਰਿ, ਹਰੇਕ ਥਾਂ ਵਿਚ ।
ਜਾਣੋ = ਜਾਣੁ, ਸੁਜਾਨ ।੪ ।
    
Sahib Singh
(ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ ।
ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ ।
ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ।੧ ।
(ਹੇ ਭਾਈ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ) ।
ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ ।
ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤਿ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ ।੨ ।
(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤਿ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ ।
ਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ ।
ਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ।੩ ।
(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ ।
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ ।
ਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ।੪।੩੭।੪੪ ।
Follow us on Twitter Facebook Tumblr Reddit Instagram Youtube