ਮਾਝ ਮਹਲਾ ੫ ॥
ਮਨੁ ਤਨੁ ਤੇਰਾ ਧਨੁ ਭੀ ਤੇਰਾ ॥
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥

ਸਦਾ ਸਦਾ ਤੂੰਹੈ ਸੁਖਦਾਈ ॥
ਨਿਵਿ ਨਿਵਿ ਲਾਗਾ ਤੇਰੀ ਪਾਈ ॥
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥

ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
ਆਠ ਪਹਰ ਤੇਰੇ ਗੁਣ ਗਾਇਆ ॥
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥

Sahib Singh
ਜੀਉ = ਜਿੰਦ ।
ਪਿੰਡੁ = ਸਰੀਰ ।
ਰਾਸਿ = ਸਰਮਾਇਆ ।
ਗੋਪਾਲਾ = ਹੇ ਗੋਪਾਲ !
    ।੧ ।
ਤੂੰ ਹੈ = ਤੂੰ ਹੀ ।
ਸੁਖਦਾਈ = ਸੁਖ ਦੇਣ ਵਾਲਾ ।
ਨਿਵਿ = ਨਿਊਂ ਕੇ ।
ਪਾਈ = ਪੈਰੀਂ, ਚਰਨੀਂ ।
ਜੋ ਕਾਰ = ਜੇਹੜੀ ਸੇਵਾ, ਜੇਹੜਾ ਕੰਮ ।੨ ।
ਤੁਮ ਤੇ = ਤੇਰੇ ਪਾਸੋਂ ।
ਗਹਣਾ = ਸੁੰਦਰਤਾ ਦਾ ਵਸੀਲਾ ।
ਸੁਖੁ ਸਹਣਾ = ਸੁਖ (ਜਾਣ ਕੇ) ਸਹਾਰਨਾ ।
ਪ੍ਰਤਿਪਾਲਾ = ਪਾਲਣ ਵਾਲਾ ।੩।ਸਿਮਰਿ—ਸਿਮਰ ਕੇ ।
ਸੁਖੁ = ਆਤਮਕ ਆਨੰਦ ।
ਨਾਨਕ = ਹੇ ਨਾਨਕ !
ਸਗਲ = ਸਾਰੇ ।
ਦੁਖਾਲਾ = {ਦੁਖ = ਆਲਯ} ਦੁਖੀ ।੪ ।
    
Sahib Singh
ਹੇ ਸਿ੍ਰਸ਼ਟੀ ਦੇ ਪਾਲਕ! ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, (ਇਹ) ਧਨ ਭੀ ਤੇਰਾ ਹੀ ਦਿੱਤਾ ਹੋਇਆ ਹੈ ।
ਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸੁਆਮੀ ਹੈਂ, ਤੂੰ ਮੇਰਾ ਮਾਲਕ ਹੈਂ ।
ਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ, ਹੇ ਗੋਪਾਲ! ਮੈਨੂੰ ਤੇਰਾ ਹੀ ਮਾਣ ਤਾਣ ਹੈ ।੧ ।
ਹੇ ਦਇਆਲ ਪ੍ਰਭੂ! ਸਦਾ ਤੋਂ ਹੀ ਸਦਾ ਤੋਂ ਹੀ ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ, ਮੈਂ ਸਦਾ ਨਿਊਂ ਨਿਊਂ ਕੇ ਤੇਰੀ ਹੀ ਪੈਰੀਂ ਲੱਗਦਾ ਹਾਂ, ਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ ਜੇਹੜਾ ਤੂੰ (ਕਰਨ ਵਾਸਤੇ) ਮੈਨੂੰ ਦੇਵੇਂ ।੨ ।
ਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾ ਹਾਂ), ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ ।
(ਸੁਖ ਚਾਹੇ ਦੁੱਖ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ) ।
ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ ।੩ ।
ਹੇ ਨਾਨਕ! (ਆਖ—ਹੇ ਪ੍ਰਭੂ!) ਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਉਸ ਨੇ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੇ ਦੁਖੀ ਨਹੀਂ ਹੁੰਦਾ ।੪।੩੩।੪੦ ।
Follow us on Twitter Facebook Tumblr Reddit Instagram Youtube