ਮਾਝ ਮਹਲਾ ੫ ॥
ਮੀਹੁ ਪਇਆ ਪਰਮੇਸਰਿ ਪਾਇਆ ॥
ਜੀਅ ਜੰਤ ਸਭਿ ਸੁਖੀ ਵਸਾਇਆ ॥
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥

ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥
ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥

ਸਰਬ ਜੀਆ ਕਉ ਦੇਵਣਹਾਰਾ ॥
ਗੁਰ ਪਰਸਾਦੀ ਨਦਰਿ ਨਿਹਾਰਾ ॥
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥

ਮਨ ਕੀ ਇਛ ਪੁਜਾਵਣਹਾਰਾ ॥
ਸਦਾ ਸਦਾ ਜਾਈ ਬਲਿਹਾਰਾ ॥
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥

Sahib Singh
ਪਰਮੇਸਰਿ = ਪਰਮੇਸਰ ਨੇ ।
ਸਭਿ = ਸਾਰੇ ।
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ ।੧ ।
ਜਿਸ ਕੇ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ} ।
ਤਿਨ ਹੀ = ਤਿਨਿ ਹੀ {ਨੋਟ:- ਲਫ਼ਜ਼ ‘ਤਿਨਿ’ ਇਕ-ਵਚਨ ਹੈ, ਅਰਥ ਹੈ ‘ਉਸ ਨੇ’ ।
ਲਫ਼ਜ਼ ‘ਤਿਨ’ ਬਹੁ = ਵਚਨ ਹੈ, ਅਰਥ ਹੈ ‘ਉਹਨਾਂ ਨੇ’ ।
    ਪਰ ਲਫ਼ਜ਼ ‘ਤਿਨਿ’ ਕਿ੍ਰਆ ਵਿਸ਼ੇਸ਼ਣ ‘ਹੀ’ ਜਾਂ ‘ਹਿ’ ਦੇ ਕਾਰਨ ‘ਤਿਨ’ ਬਣ ਜਾਂਦਾ ਹੈ, ਅਰਥ ਵਿਚ ਇਕ-ਵਚਨ ਹੀ ਰਹਿੰਦਾ ਹੈ} ਉਸ ਨੇ ਹੀ ।
ਠਾਕੁਰਿ = ਠਾਕੁਰ ਨੇ ।
ਘਾਲੀ = ਮੇਹਨਤ ।੨।ਕਊ—ਨੂੰ ।
ਨਦਰਿ = ਮਿਹਰ ਦੀ ਨਿਗਾਹ ਨਾਲ ।
ਨਿਹਾਰਾ = ਵੇਖਦਾ ਹੈ ।
ਮਹੀਅਲ = ਮਹੀ ਤਲ, ਧਰਤੀ ਦਾ ਉਪਰਲਾ ਪਾਸਾ, ਆਕਾਸ਼, ਪੁਲਾੜ ।
ਤਿ੍ਰਪਤਾਣੇ = ਰੱਜ ਗਏ ।
ਪਖਾਲੀ = ਪਖਾਲੀਂ, ਮੈਂ ਧੋਂਦਾ ਹਾਂ ।੩ ।
ਇਛਾ = ਇੱਛਾ ।
ਜਾਈ = ਜਾਈਂ, ਮੈਂ ਜਾਂਦਾ ਹਾਂ ।
ਦੁਖ ਭੰਜਨਿ = ਦੁੱਖਾਂ ਦਾ ਨਾਸ ਕਰਨ ਵਾਲੇ ਪ੍ਰਭੂ ਨੇ ।
ਰੰਗਿ = ਪ੍ਰੇਮ ਵਿਚ ।
ਰਸਾਲੀ = {ਰਸ = ਆਲਯ} ਰਸਾਂ ਦਾ ਘਰ ਪ੍ਰਭੂ ।
ਰੰਗਿ ਰਸਾਲੀ = ਸਭ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ।੪ ।
    
Sahib Singh
(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ, (ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ।੧ ।
(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ ਸਭਨਾਂ ਦਾ ਰਾਖਾ ਬਣਦਾ ਹੈ (ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ।੨ ।
ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ (ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ, ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ (ਤੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ ।੩ ।
ਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ, ਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ ।
ਹੇ ਨਾਨਕ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤਿ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ ।੪।੩੨।੩੯ ।
Follow us on Twitter Facebook Tumblr Reddit Instagram Youtube