ਮਾਝ ਮਹਲਾ ੫ ॥
ਚਰਣ ਠਾਕੁਰ ਕੇ ਰਿਦੈ ਸਮਾਣੇ ॥
ਕਲਿ ਕਲੇਸ ਸਭ ਦੂਰਿ ਪਇਆਣੇ ॥
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥

ਲਾਗੀ ਪ੍ਰੀਤਿ ਨ ਤੂਟੈ ਮੂਲੇ ॥
ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥
ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥

ਅੰਮ੍ਰਿਤੁ ਵਰਖੈ ਅਨਹਦ ਬਾਣੀ ॥
ਮਨ ਤਨ ਅੰਤਰਿ ਸਾਂਤਿ ਸਮਾਣੀ ॥
ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥

ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥
ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥
ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥

Sahib Singh
ਰਿਦੈ = ਹਿਰਦੇ ਵਿਚ ।
ਸਮਾਣੇ = ਟਿਕ ਗਏ ।
ਕਲਿ = ਝਗੜੇ ।
ਕਲੇਸ = ਦੁੱਖ ।
ਪਇਆਣੇ = ਚਲੇ ਗਏ, ਕੂਚ ਕਰ ਗਏ {ਪ੍ਰਯਾ—ਕੂਚ ਕਰ ਜਾਣਾ} ।
ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ।
ਸਾਧੂ = ਗੁਰੂ ।੧ ।
ਮੂਲੇ = ਮੂਲਿ, ਬਿਲਕੁਲ ।
ਗਾਵਾ = ਗਾਇਆ ।੨।ਅਨਹਦ ਬਾਣੀ—ਇਕ ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ।
ਅਨਹਦ = ਲਗਾਤਾਰ, ਇਕ = ਰਸ ।
ਸਤਿਗੁਰਿ = ਸਤਿਗੁਰੂ ਨੇ ।
ਦਿਲਾਸਾ = ਹੌਸਲਾ, ਧੀਰਜ ।੩ ।
ਸਾ = ਸੀ ।
ਤੇ = ਤੋਂ, ਪਾਸੋਂ ।
ਆਵਣ ਜਾਣ = ਜਨਮ ਮਰਨ ਦੇ ਗੇੜ ।੪ ।
    
Sahib Singh
ਜਿਸ ਮਨੁੱਖ ਦਾ ਨਿਵਾਸ ਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ, ਉਸ ਦੇ ਅੰਦਰੋਂ ਸਭ ਤ੍ਰਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨ ਤੇ ਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ ।੧ ।
ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ, ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ।੨ ।
ਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ, ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮਿ੍ਰਤ ਦੀ ਵਰਖਾ ਹੁੰਦੀ ਹੈ, ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦਿ੍ਰਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ ।੩ ।
(ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ ।
ਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ)।੪।੩੧।੩੮ ।
Follow us on Twitter Facebook Tumblr Reddit Instagram Youtube