ਮਾਝ ਮਹਲਾ ੫ ॥
ਆਉ ਸਾਜਨ ਸੰਤ ਮੀਤ ਪਿਆਰੇ ॥
ਮਿਲਿ ਗਾਵਹ ਗੁਣ ਅਗਮ ਅਪਾਰੇ ॥
ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥

ਜਨਮ ਜਨਮ ਕੇ ਕਿਲਬਿਖ ਜਾਵਹਿ ॥
ਮਨਿ ਚਿੰਦੇ ਸੇਈ ਫਲ ਪਾਵਹਿ ॥
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥

ਨਾਮੁ ਜਪਤ ਸਰਬ ਸੁਖੁ ਪਾਈਐ ॥
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥
ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥

ਆਇ ਪਇਆ ਤੇਰੀ ਸਰਣਾਈ ॥
ਜਿਉ ਭਾਵੈ ਤਿਉ ਲੈਹਿ ਮਿਲਾਈ ॥
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥

Sahib Singh
ਮਿਲਿ = ਮਿਲ ਕੇ ।
ਗਾਵਹ = ਅਸੀ ਗਾਵੀਏ ।
ਮੁਕਤੇ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ।
ਜਿਨਿ = ਜਿਸ (ਪਰਮਾਤਮਾ) ਨੇ ।
ਹਮ = ਸਾਨੂੰ ।੧ ।
ਕਿਲਬਿਖ = ਪਾਪ ।
ਮਨਿ = ਮਨ ਵਿਚ ।
ਚਿੰਦੇ = ਵਿਚਾਰੇ ਹੋਏ, ਸੋਚੇ ਹੋਏ ।
ਪਾਵਹਿ = ਹਾਸਲ ਕਰ ਲੈਂਦੇ ਹਨ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਸਭਸੁ ਕਉ = ਸਭ ਜੀਵਾਂ ਨੂੰ ।੨ ।
ਸਰਬ = ਹਰੇਕ ਕਿਸਮ ਦਾ {ਸਵL} ।
ਜਿਨਿ = ਜਿਸ (ਮਨੁੱਖ) ਨੇ ।
ਪਾਰਗਿਰਾਮੀ = (ਸੰਸਾਰ = ਸਮੁੰਦਰ ਤੋਂ) ਪਾਰਲੇ ਪਾਸੇ ਪਹੁੰਚਣ ਜੋਗਾ ।
ਥੀਏ = ਹੋ ਜਾਂਦੇ ਹਨ, ਸਿਰੇ ਚੜ੍ਹਦੇ ਹਨ ।੩ ।
ਆਇ = ਆ ਕੇ ।
ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ ।
ਪ੍ਰਭੂ = ਹੇ ਪ੍ਰਭੂ !
ਨਾਨਕ = ਹੇ ਨਾਨਕ !
    ੪ ।
    
Sahib Singh
ਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ, ਅਸੀ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ ।
ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ ।
(ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ।੧ ।
(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ।
ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉੇਹੀ ਫਲ ਉਹ ਪ੍ਰਾਪਤ ਕਰ ਲੈਂਦੇ ਹਨ ।
(ਹੇ ਭਾਈ!) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ।੨ ।
(ਹੇ ਭਾਈ!) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ ।
(ਹੇ ਭਾਈ!) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤ੍ਰਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ ।
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੩ ।
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ ।
ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮਿ੍ਰਤ ਪੀਂਦਾ ਰਹਿੰਦਾ ਹੈ ।੪।੨੮।੩੫ ।
Follow us on Twitter Facebook Tumblr Reddit Instagram Youtube