ਮਾਝ ਮਹਲਾ ੫ ॥
ਹੁਕਮੀ ਵਰਸਣ ਲਾਗੇ ਮੇਹਾ ॥
ਸਾਜਨ ਸੰਤ ਮਿਲਿ ਨਾਮੁ ਜਪੇਹਾ ॥
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥
ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

ਸਚਾ ਸਾਹਿਬੁ ਸਚੀ ਨਾਈ ॥
ਗੁਰ ਪਰਸਾਦਿ ਤਿਸੁ ਸਦਾ ਧਿਆਈ ॥
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥

ਸਾਸਿ ਸਾਸਿ ਨਾਨਕੁ ਸਾਲਾਹੇ ॥
ਸਿਮਰਤ ਨਾਮੁ ਕਾਟੇ ਸਭਿ ਫਾਹੇ ॥
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥

Sahib Singh
ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ।
ਮੇਹਾ = ਮੀਂਹ, ਨਾਮ ਦੀ ਵਰਖਾ ।
ਸਾਜਨ ਸੰਤ = ਸਤਸੰਗੀ ਗੁਰਮੁਖਿ ਬੰਦੇ ।
ਮਿਲਿ = (ਸਤਸੰਗ ਵਿਚ) ਮਿਲ ਕੇ ।
ਜਪੇਹਾ = ਜਪਦੇ ਹਨ ।
ਸੀਤਲ = ਠੰਢ ਪਾਣ ਵਾਲੀ ।
ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ ।
ਠਾਢਿ = ਠੰਢ ।
ਪ੍ਰਭਿ = ਪ੍ਰਭੂ ਨੇ ।
ਆਪੇ = ਆਪ ਹੀ ।੧ ।
ਸਭੁ ਕਿਛੁ = ਹਰੇਕ ਆਤਮਕ ਗੁਣ ।
ਕਰਿ = ਕਰ ਕੇ ।
ਪ੍ਰਭਿ = ਪ੍ਰਭੂ ਨੇ ।
ਰਜਾਇਆ = ਸੰਤੋਖੀ ਬਣਾ ਦਿੱਤਾ ।
ਕਰਹੁ = ਤੁਸੀ ਕਰਦੇ ਹੋ ।
ਦਾਤਾਰਾ = ਹੇ ਦਾਤਾਰ !
ਸਭਿ = ਸਾਰੇ ।
ਧ੍ਰਾਪੇ = ਰੱਜ ਜਾਂਦੇ ਹਨ ।੨।ਸਚਾ—ਸਦਾ ਕਾਇਮ ਰਹਿਣ ਵਾਲਾ ।
ਨਾਈ = ਵਡਿਆਈ ।
ਤਿਸੁ = ਉਸ (ਪ੍ਰਭੂ) ਨੂੰ ।
ਧਿਆਈ = ਮੈਂ ਧਿਆਉਂਦਾ ਹਾਂ, ਧਿਆਈਂ ।
ਭੈ = ਸਾਰੇ ਡਰ {‘ਭਉ’ ਤੋਂ ਬਹੁ-ਵਚਨ ‘ਭੈ’} ।
ਸੰਤਾਪੇ = ਦੁੱਖ = ਕਲੇਸ਼ ।੩ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ ।
ਨਾਨਕੁ ਸਾਲਾਹੇ = ਨਾਨਕ ਸਿਫ਼ਤਿ-ਸਾਲਾਹ ਕਰਦਾ ਹੈ {ਨਾਨਕ—ਹੇ ਨਾਨਕ!} ।
ਪੂਰਨ ਕਰੀ = ਪੂਰੀ ਕਰਦਾ ਹੈ ।੪ ।
    
Sahib Singh
(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ) ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤਿ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ (ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ।੧ ।
(ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ (ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ ।
ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤਿ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ।੨ ।
ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ, ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ ।
(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ।੩ ।
(ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ ।
(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ।੪।੨੭।੩੪ ।
Follow us on Twitter Facebook Tumblr Reddit Instagram Youtube