ਮਾਝ ਮਹਲਾ ੫ ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥

ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥

Sahib Singh
ਬੰਧਪੁ = ਸਨਬੰਧੀ, ਰਿਸ਼ਤੇਦਾਰ ।
ਥਾਈ = ਥਾਈਂ, ਥਾਵਾਂ ਤੇ ।
ਕਾੜਾ = ਚਿੰਤਾ ।੧ ।
ਤੇ = ਤੋਂ, ਨਾਲ ।
ਤੁਧੁ = ਤੈਨੂੰ ।
ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ ।
ਓਟ = ਆਸਰਾ ।
ਅਵਰੁ = ਹੋਰ ।
ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ।੨ ।
ਸਭਿ = ਸਾਰੇ ।
ਤੁਧੁ = ਤੂੰ ਹੀ ।
ਉਪਾਏ = ਪੈਦਾ ਕੀਤੇ ਹਨ ।
ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ ।
ਭਾਣਾ = ਤੈਨੂੰ ਚੰਗਾ ਲੱਗਾ ।
ਤਿਤੁ = ਉਸ (ਕੰਮ) ਵਿਚ ।
ਅਸਾੜਾ = ਸਾਡਾ ।੩ ।
ਧਿਆਇ = ਸਿਮਰ ਕੇ ।
ਸੀਤਲਾਇਆ = ਠੰਢਾ ਹੋ ਗਿਆ ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ।
ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ ।
ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) ।
ਬਿਖਾੜਾ = ਬਿਖਮ ਅਖਾੜਾ, ਅੌਖੀ ਕੁਸ਼ਤੀ ।੪ ।
    
Sahib Singh
ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ ।
(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ।੧ ।
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ ।
ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ ।
ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ।
ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ।੨ ।
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ ।
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ।੩ ।
(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ ।
ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ।
ਹੇ ਨਾਨਕ! (ਆਖ—) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਅੌਖਾ ਘੋਲ ਜਿੱਤ ਲਿਆ ਹੈ ।੪।੨੪।੩੧ ।
Follow us on Twitter Facebook Tumblr Reddit Instagram Youtube