ਮਾਝ ਮਹਲਾ ੫ ॥
ਤੂੰ ਪੇਡੁ ਸਾਖ ਤੇਰੀ ਫੂਲੀ ॥
ਤੂੰ ਸੂਖਮੁ ਹੋਆ ਅਸਥੂਲੀ ॥
ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥

ਤੂੰ ਸੂਤੁ ਮਣੀਏ ਭੀ ਤੂੰਹੈ ॥
ਤੂੰ ਗੰਠੀ ਮੇਰੁ ਸਿਰਿ ਤੂੰਹੈ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥

ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥
ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥

ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥
ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥
ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥

Sahib Singh
ਪੇਡੁ = ਰੁੱਖ ।
ਸਾਖ = ਸਾਖਾਂ, ਟਾਹਣੀਆਂ ।
ਫੂਲੀ = ਫੁੱਟੀਆਂ ਹੋਈਆਂ ।
ਸੂਖਮੁ = {ਸੁ™ਮ ਸੁਬਟਲੲ, ਮਨਿੁਟੲ} ਅਦਿ੍ਰਸ਼ਟ ।
ਅਸਥੂਲ {Ôਥੁਲ = ਗਰੋਸਸ, ਚੋੳਰਸੲ} ਦਿ੍ਰਸ਼ਟਮਾਨ ਜਗਤ ।
ਜਲਨਿਧਿ = ਸਮੁੰਦਰ ।
ਫੇਨੁ = ਝੱਗ ।
ਬੁਦਬੁਦਾ = ਬੁਲਬੁਲਾ ।੧ ।
ਸੂਤੁ = ਧਾਗਾ, ਡੋਰੀ ।
ਮਣੀਏ = ਮਣਕੇ ।
ਗੰਠੀ = ਗੰਢ ।
ਮੇਰੁ = ਸਿਰੇ ਦਾ ਮਣਕਾ ।
ਸਿਰਿ = (ਮਣਕਿਆਂ ਦੇ) ਸਿਰ ਉੱਤੇ !
ਆਦਿ = ਮੁੱਢ ਵਿਚ ।
ਮਧਿ = ਵਿਚਕਾਰ ।
ਅੰਤਿ = ਅਖ਼ੀਰ ਵਿਚ ।੨ ।
ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ।
ਸਰਗੁਣ = ਮਾਇਆ ਦੇ ਤਿੰਨ ਗੁਣਾਂ ਵਾਲਾ ।
ਨਿਰਬਾਣੁ = ਵਾਸਨਾ = ਰਹਿਤ ।
ਰਸੀਆ = ਆਨੰਦ ਲੈਣ ਵਾਲਾ, ਭੋਗਣ ਵਾਲਾ ।
ਰੰਗਿ = ਮਾਇਆ ਦੇ ਰੰਗ ਵਿਚ ।
ਸਮਾਲੀਐ = ਸੰਭਾਲਦਾ ।੩ ।
ਫੁਨਿ = ਫਿਰ, ਮੁੜ ਭੀ ।
ਆਪੇ = ਆਪ ਹੀ ।
ਪ੍ਰਭ = ਹੇ ਪ੍ਰਭੂ !
ਇਕ ਭੋਰੀ = ਰਤਾ ਕੁ ਸਮਾ ਹੀ ।
ਨਿਹਾਲੀਐ = ਵੇਖੋ ।੪ ।
    
Sahib Singh
ਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ ।
ਹੇ ਪ੍ਰਭੂ! ਤੂੰ ਅਦਿ੍ਰਸ਼ਟ ਹੈਂ (ਆਪਣੇ ਅਦਿ੍ਰਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ ।
ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ ।
ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ ।੧ ।
(ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ ।
ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ, (ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ ।
(ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ ।
ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ।੨।ਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ ।
ਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ ।
ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ ।
ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ।੩ ।
ਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ ।
ਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ ।
ਹੇ ਨਾਨਕ! (ਆਖ—ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ ।
ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ।੪।੨੧।੨੮ ।
Follow us on Twitter Facebook Tumblr Reddit Instagram Youtube