ਮਾਝ ਮਹਲਾ ੫ ॥
ਤੂੰ ਜਲਨਿਧਿ ਹਮ ਮੀਨ ਤੁਮਾਰੇ ॥
ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥

ਜਿਉ ਬਾਰਿਕੁ ਪੀ ਖੀਰੁ ਅਘਾਵੈ ॥
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥

ਜਿਉ ਅੰਧਿਆਰੈ ਦੀਪਕੁ ਪਰਗਾਸਾ ॥
ਭਰਤਾ ਚਿਤਵਤ ਪੂਰਨ ਆਸਾ ॥
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥

ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

Sahib Singh
ਨਿਧਿ = ਖ਼ਜ਼ਾਨਾ ।
ਜਲ ਨਿਧਿ = ਸਮੁੰਦਰ ।
ਮੀਨ = ਮੱਛੀਆਂ ।
ਚਾਤਿ੍ਰਕ = ਪਪੀਹੇ ।
ਤਿਖਹਾਰੇ = ਤ੍ਰੇਹ ਨਾਲ ਘਾਬਰੇ ਹੋਏ ।
ਤੁਮ ਹੀ ਸੰਗਿ = ਤੇਰੇ ਹੀ ਨਾਲ ।੧ ।
ਪੀ = ਪੀ ਕੇ ।
ਖੀਰੁ = {˜ੀਰ} ਦੁੱਧ ।
ਅਘਾਵੇ = ਰੱਜ ਜਾਂਦਾ ਹੈ ।
ਦੇਖਿ = ਵੇਖ ਕੇ ।
ਤਿ੍ਰਖਾਵੰਤੁ = ਤਿਹਾਇਆ ਬੰਦਾ ।
ਭੀਨਾ = ਭਿੱਜਿਆ ਹੋਇਆ ।੨ ।
ਅੰਧਿਆਰੈ = ਹਨੇਰੇ ਵਿਚ ।
ਦੀਪਕੁ = ਦੀਵਾ ।
ਚਿਤਵਤ = ਚੇਤਾ ਕਰਦਿਆਂ ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ।
ਰੰਗਿ = ਰੰਗ ਵਿਚ, ਪ੍ਰੇਮ = ਰੰਗ ਵਿਚ ।੩ ।
ਮੋ ਕਉ = ਮੈਨੂੰ ।
ਕਉ = ਨੂੰ ।
ਮਾਰਗਿ = ਰਸਤੇ ਉੱਤੇ ।
ਕਿ੍ਰਪਾਲਿ = ਕਿ੍ਰਪਾਲ ਨੇ ।
ਸਾਧ ਕਿ੍ਰਪਾਲਿ = ਕਿ੍ਰਪਾਲ ਗੁਰੂ ਨੇ ।
ਗਿਝਾਇਆ = ਗੇਝ ਪਾ ਦਿੱਤੀ ।
ਸਚੁ = ਸਦਾ = ਥਿਰ ।੪ ।
    
Sahib Singh
(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀ (ਜੀਵ) ਤੇਰੀਆਂ ਮੱਛੀਆਂ ਹਾਂ ।
ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀ (ਜੀਵ, ਮਾਨੋ) ਪਿਆਸੇ ਪਪੀਹੇ ਹਾਂ ।ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ।੧ ।
ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ, ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ, ਜਿਵੇਂ ਕੋਈ ਤਿ੍ਰਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕਿ੍ਰਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ।੨ ।
ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ, ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ।੩ ।
ਹੇ ਨਾਨਕ! (ਆਖ—) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ, ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ ।
ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤਿ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ।੪।੧੪।੨੧ ।
Follow us on Twitter Facebook Tumblr Reddit Instagram Youtube