ਮਾਝ ਮਹਲਾ ੫ ॥
ਲਾਲ ਗੋਪਾਲ ਦਇਆਲ ਰੰਗੀਲੇ ॥
ਗਹਿਰ ਗੰਭੀਰ ਬੇਅੰਤ ਗੋਵਿੰਦੇ ॥
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥

ਦੁਖ ਭੰਜਨ ਨਿਧਾਨ ਅਮੋਲੇ ॥
ਨਿਰਭਉ ਨਿਰਵੈਰ ਅਥਾਹ ਅਤੋਲੇ ॥
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥

ਸਦਾ ਸੰਗੀ ਹਰਿ ਰੰਗ ਗੋਪਾਲਾ ॥
ਊਚ ਨੀਚ ਕਰੇ ਪ੍ਰਤਿਪਾਲਾ ॥
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥

ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥
ਏਹ ਸੁਮਤਿ ਗੁਰੂ ਤੇ ਪਾਈ ॥
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥

Sahib Singh
ਲਾਲ = ਹੇ ਲਾਲ !
    ਹੇ ਪਿਆਰੇ !
ਰੰਗੀਲੇ = ਹੇ ਰੰਗੀਲੇ !
{ਰੰਗ = ਆਲਯ} ਹੇ ਆਨੰਦ ਦੇ ਸੋਮੇ !
ਗੰਭੀਰ = ਹੇ ਵੱਡੇ ਜਿਗਰੇ ਵਾਲੇ !
ਹਉ = ਮੈਂ ।
ਜੀਵਾਂ = ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ।੧ ।
ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ !
ਨਿਧਾਨ = ਹੇ ਖ਼ਜ਼ਾਨੇ !
ਸੰਭੌ = {ਸ੍ਵਯੰਭੂ, Ôਵਯਜ਼ਭੁ} ਆਪਣੇ ਆਪ ਤੋਂ ਪਰਗਟ ਹੋਣ ਵਾਲਾ ।
ਮਨਿ = ਮਨ ਵਿਚ ।
ਠੰਢਾ = ਸ਼ਾਂਤ ।੨ ।
ਰਸਾਇਣੁ = ਰਸਾਂ ਦੇ ਘਰ ।
ਤਿ੍ਰਪਤਾਇਣੁ = ਤਿ੍ਰਪਤ ਕਰਨ ਵਾਲਾ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਨਾਮ ਰਸ ।੩ ।
ਦੁਖਿ = ਦੁੱਖ ਵਿਚ ।
ਪਿਆਰੇ = ਹੇ ਪਿਆਰੇ !
ਤੁਧੁ = ਤੈਨੂੰ ।
ਸੁਮਤਿ = ਚੰਗੀ ਅਕਲ ।
ਤੇ = ਤੋਂ ।
ਧਰ = ਆਸਰਾ ।
ਠਾਕੁਰ = ਹੇ ਠਾਕੁਰ !
ਰੰਗਿ = ਪ੍ਰੇਮ ਵਿਚ ।੪ ।
    
Sahib Singh
ਹੇ ਪਿਆਰੇ ਪ੍ਰਭੂ! ਹੇ ਸਿ੍ਰਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ! ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ! ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ।੧।ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ! ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ! ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ ।
(ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ।੨ ।
ਪਰਮਾਤਮਾ (ਆਪਣੀ) ਸਿ੍ਰਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ ।
(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ ।
ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤਿ੍ਰਪਤ ਕਰਨ ਵਾਲਾ ਹੈ ।
ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ।੩ ।
ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ (ਤੇਰਾ ਹੀ ਧਿਆਨ ਧਰਦਾ ਹਾਂ)—ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ ।
ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ ।
(ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ।੪।੯।੧੬ ।
Follow us on Twitter Facebook Tumblr Reddit Instagram Youtube