ਮਾਝ ਮਹਲਾ ੫ ॥
ਕਹਿਆ ਕਰਣਾ ਦਿਤਾ ਲੈਣਾ ॥
ਗਰੀਬਾ ਅਨਾਥਾ ਤੇਰਾ ਮਾਣਾ ॥
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥

ਭਾਣੈ ਉਝੜ ਭਾਣੈ ਰਾਹਾ ॥
ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥

ਨਾ ਕੋ ਮੂਰਖੁ ਨਾ ਕੋ ਸਿਆਣਾ ॥
ਵਰਤੈ ਸਭ ਕਿਛੁ ਤੇਰਾ ਭਾਣਾ ॥
ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥

ਖਾਕੁ ਸੰਤਨ ਕੀ ਦੇਹੁ ਪਿਆਰੇ ॥
ਆਇ ਪਇਆ ਹਰਿ ਤੇਰੈ ਦੁਆਰੈ ॥
ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥

Sahib Singh
ਕਹਿਆ = ਆਖਿਆ ਹੋਇਆ ਬਚਨ, ਹੁਕਮ ।
ਮਾਣਾ = ਮਾਣ, ਆਸਰਾ, ਸਹਾਰਾ ।
ਕੁਦਰਤਿ = ਸਮਰਥਾ ।
ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ।੧ ।
ਭਾਣੈ = ਰਜ਼ਾ ਅਨੁਸਾਰ ।
ਉਝੜ = ਗ਼ਲਤ ਰਸਤਾ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਭਰਮਿ = ਭਟਕਣਾ ਵਿਚ, ਭੁਲੇਖੇ ਵਿਚ ।
ਤਿਸੈ = ਉਸ (ਪਰਮਾਤਮਾ) ਦੀ ਹੀ ।
ਰਜਾਈ = ਰਜ਼ਾ ਵਿਚ ।੨ ।
ਵਰਤੈ = ਵਰਤਦਾ ਹੈ, ਵਾਪਰਦਾ ਹੈ ।
ਭਾਣਾ = ਰਜ਼ਾ, ਹੁਕਮ ।
ਅਥਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ।੩ ।
ਖਾਕੁ = ਚਰਨ = ਧੂੜ ।
ਆਇ = ਆ ਕੇ ।
ਹਰਿ = ਹੇ ਹਰੀ !
ਪੇਖਤ = ਵੇਖਦਿਆਂ ।
ਆਘਾਵੈ = ਰੱਜ ਜਾਂਦਾ ਹੈ ।
ਸੁਭਾਈ = (ਤੇਰੀ) ਰਜ਼ਾ ਅਨੁਸਾਰ ।੪ ।
    
Sahib Singh
ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ ।
ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ ।
ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ ।
ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ।੧ ।
ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ ।
ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ ।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ ।
(ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ।੨ ।
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! (ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ ।
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ ।
ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ।
ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ ।
ਹੇ ਨਾਨਕ! (ਆਖ—ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ।੪।੭।੧੪ ।
Follow us on Twitter Facebook Tumblr Reddit Instagram Youtube