ਮਾਝ ਮਹਲਾ ੫ ॥
ਖੋਜਤ ਖੋਜਤ ਦਰਸਨ ਚਾਹੇ ॥
ਭਾਤਿ ਭਾਤਿ ਬਨ ਬਨ ਅਵਗਾਹੇ ॥
ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥

ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥
ਪੂਜਾ ਤਿਲਕੁ ਤੀਰਥ ਇਸਨਾਨਾ ॥
ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥

ਅਨਿਕ ਬਰਖ ਕੀਏ ਜਪ ਤਾਪਾ ॥
ਗਵਨੁ ਕੀਆ ਧਰਤੀ ਭਰਮਾਤਾ ॥
ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥

ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥
ਮਨੁ ਤਨੁ ਸੀਤਲੁ ਧੀਰਜੁ ਪਾਇਆ ॥
ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥

Sahib Singh
ਖੋਜਤ = ਭਾਲ ਕਰਦਿਆਂ ।
ਦਰਸਨ ਚਾਹੇ = ਦਰਸਨ ਦੀਆਂ ਤਾਂਘਾਂ ਕੀਤੀਆਂ ।
ਭਾਤਿ ਭਾਤਿ = ਕਈ ਕਿਸਮ ਦੇ ।
ਬਨ = ਜੰਗਲ ।
ਅਵਗਾਹੇ = ਗਾਹ ਮਾਰੇ ।
ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ।
ਸਰਗੁਣੁ = ਰਚੇ ਹੋਏ ਜਗਤ ਦੇ ਸਰੂਪ ਵਾਲਾ, ਮਾਇਆ ਦੇ ਤਿੰਨ ਗੁਣ ਰਚ ਕੇ ਆਪਣਾ ਜਗਤ-ਰੂਪ ਸਰੂਪ ਵਿਖਾਲਣ ਵਾਲਾ ।
ਆਣਿ = ਲਿਆ ਕੇ ।੨ ।
ਖਟੁ = ਛੇ ।
ਖਟੁ ਸਾਸਤ = {ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ} ।
ਮੁਖਿ = ਮੂੰਹ ਨਾਲ ।
ਨਿਵਲੀ ਕਰਮ = ਆਂਦਰਾਂ ਦੀ ਵਰਜ਼ਸ਼ {ਹੱਥ ਗੋਡਿਆਂ ਉਤੇ ਰੱਖ ਕੇ ਤੇ ਲਿਫ਼ ਕੇ ਖਲੋਤਿਆਂ ਪਹਿਲਾਂ ਜ਼ੋਰ ਨਾਲ ਸਾਹ ਅੰਦਰ ਨੂੰ ਖਿੱਚੀਦਾ ਹੈ, ਫਿਰ ਸਾਰਾ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਹੈ ਤੇ ਚੱਕਰ ਵਿਚ ਭਵਾਈਦਾ ਹੈ ।
    ਇਸ ਸਾਧਨ ਨੂੰ ਨਿਵਲੀ ਕਰਮ ਆਖਦੇ ਹਨ ।
    ਇਹ ਸਾਧਨ ਸਵੇਰੇ ਸੌਚ ਤੋਂ ਪਿੱਛੋਂ ਖ਼ਾਲੀ-ਪੇਟ ਹੀ ਕਰੀਦਾ ਹੈ} ।੨ ।
ਬਰਖ = ਬਰਸ, ਵਰ੍ਹੇ ।
ਗਵਨੁ = ਭ੍ਰਮਣ, ਤੁਰਨ = ਫਿਰਨ ।
ਭਰਮਾਤਾ = ਤੁਰਿਆ = ਫਿਰਿਆ ।
ਬਹੁੜਿ ਬਹੁੜਿ = ਮੁੜ ਮੁੜ ।੩ ।
ਮੋਹਿ = ਮੈਨੂੰ ।
ਸਾਧੁ = ਗੁਰੂ ।
ਘਟ = ਹਿਰਦਾ ।
ਮੰਗਲੁ = ਸਿਫ਼ਤਿ = ਸਾਲਾਹ ਦਾ ਗੀਤ ।੪ ।
    
Sahib Singh
ਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ, ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤ੍ਰਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ) ।
ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ ।
ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ।੧ ।
ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ ।
ਕਈ ਐਸੇ ਹਨ ਜੋ ਨਿਵਲੀਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ ।
ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ।੨ ।
ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ; ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ ।
(ਇਸ ਤ੍ਰਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ ।
ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ।੩ ।
ਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ ।
ਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦਿ੍ਰਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ) ।
(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ।
ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ।੪।੫।੧੨ ।
Follow us on Twitter Facebook Tumblr Reddit Instagram Youtube