ਮਾਝ ਮਹਲਾ ੫ ॥
ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥
ਤਿਤੁ ਘਰਿ ਸਖੀਏ ਮੰਗਲੁ ਗਾਇਆ ॥
ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥

ਸਾ ਗੁਣਵੰਤੀ ਸਾ ਵਡਭਾਗਣਿ ॥
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥

ਅਚਾਰਵੰਤਿ ਸਾਈ ਪਰਧਾਨੇ ॥
ਸਭ ਸਿੰਗਾਰ ਬਣੇ ਤਿਸੁ ਗਿਆਨੇ ॥
ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥

ਮਹਿਮਾ ਤਿਸ ਕੀ ਕਹਣੁ ਨ ਜਾਏ ॥
ਜੋ ਪਿਰਿ ਮੇਲਿ ਲਈ ਅੰਗਿ ਲਾਏ ॥
ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥

Sahib Singh
ਜਿਤੁ = ਜਿਸ ਵਿਚ ।
ਘਰਿ = ਹਿਰਦੇ = ਘਰ ਵਿਚ ।
ਪਿਰਿ = ਪਿਰ ਨੇ ।
ਸਖੀਏ = ਹੇ ਸਖੀ !
ਗਾਇਆ = ਗਾਇਆ ਜਾ ਸਕਦਾ ਹੈ ।
ਬਿਨੋਦ = ਖ਼ੁਸ਼ੀਆਂ ।
ਸੋਹਹਿ = ਸੋਭਦੇ ਹਨ ।
ਤਿਤੈ ਘਰਿ = ਉਸੇ ਘਰ ਵਿਚ ।
ਤਿਤੁ ਘਰਿ = ਉਸ ਘਰ ਵਿਚ ।
ਧਨ = ਇਸਤ੍ਰੀ ।
ਕੰਤਿ = ਕੰਤ ਨੇ ।
ਸਾ = ਉਹ ਇਸਤ੍ਰੀ ।
ਸੀਲਵੰਤਿ = ਮਿੱਠੇ ਸੁਭਾ ਵਾਲੀ ।
ਸੁਘੜਿ = ਸੁਚੱਜੀ (ਜਿਸ ਦਾ ਮਨ ਸੋਹਣਾ ਘੜਿਆ ਹੋਇਆ ਹੈ) ।
ਬਿਚਖਣਿ = ਸਿਆਣੀ ।
ਕੰਤ ਪਿਆਰੀ = ਕੰਤ ਦੀ ਪਿਆਰੀ ।੨ ।
ਅਚਾਰਵੰਤਿ = ਚੰਗੇ ਆਚਰਨ ਵਾਲੀ ।
ਸਾਈ = ਸਾ ਹੀ, ਉਹ ਇਸਤ੍ਰੀ ਹੀ ।
ਪਰਧਾਨ = ਮੰਨੀ = ਪ੍ਰਮੰਨੀ ।
ਬਣੇ = ਫਬਦੇ ਹਨ ।
ਗਿਆਨੇ = ਗਿਆਨਿ, ਗਿਆਨ ਦੀ ਰਾਹੀਂ, ਡੂੰਘੀ ਸਾਂਝ ਦਾ ਸਦਕਾ ।
ਸਭਰਾਈ = ਸ = ਭਰਾਈ, ਭਰਾਵਾਂ ਵਾਲੀ ।
ਪਿਰ ਕੈ ਰੰਗਿ = ਪਤੀ ਦੇ ਪ੍ਰੇਮ ਵਿਚ ।੩ ।
ਮਹਿਮਾ = ਵਡਿਆਈ ।
ਤਿਸ ਕੀ = {ਲਫ਼ਜ਼ ‘ਤਿਸੁ’ ਅਤੇ ‘ਤਿਸ’ ਦਾ ਫ਼ਰਕ ਧਿਆਨ-ਜੋਗ ਹੈ ।
    ਲਫ਼ਜ਼ ‘ਤਿਸ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉਡ ਗਿਆ ਹੈ} ਉਸ ਦੀ ।
ਪਿਰਿ = ਪਿਰ ਨੇ ।
ਅੰਗਿ = ਅੰਗ ਨਾਲ, ਸਰੀਰ ਨਾਲ ।
ਲਾਏ = ਲਾਇ, ਲਾ ਕੇ ।
ਥਿਰੁ = ਸਦਾ ਕਾਇਮ ਰਹਿਣ ਵਾਲਾ ।
ਵਰੁ = ਖਸਮ ।
ਅਗਮੁ = ਅਪਹੁੰਚ ।
ਅਗੋਚਰੁ = {ਅ = ਗੋ-ਚਰ ।
ਗੋ = ਗਿਆਨ = ਇੰਦ੍ਰੇ ।
ਚਰ = ਪਹੁੰਚ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਸਾਧਾਰੀ = ਸ = ਆਧਾਰੀ, ਆਸਰੇ ਵਾਲੀ ।੪ ।
    
Sahib Singh
ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ, ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ ।
ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ।੧ ।
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ ।
ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ।੨ ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ, ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ ।੩।ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।
ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ।੪।੪।੧੧ ।
Follow us on Twitter Facebook Tumblr Reddit Instagram Youtube