ਮਾਝ ਮਹਲਾ ੪ ॥
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥
ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥
ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥

ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥
ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥
ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥

ਵਡਭਾਗੀ ਹਰਿ ਸੰਗਤਿ ਪਾਵਹਿ ॥
ਭਾਗਹੀਨ ਭ੍ਰਮਿ ਚੋਟਾ ਖਾਵਹਿ ॥
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥

ਮੈ ਆਇ ਮਿਲਹੁ ਜਗਜੀਵਨ ਪਿਆਰੇ ॥
ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥
ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥

Sahib Singh
ਹਰਿ ਜਨ ਸੰਤ = ਹੇ ਹਰੀ ਜਨੋ !
    ਹੇ ਸੰਤ ਜਨੋ !
ਭਾਈ = ਹੇ ਭਰਾਵੋ !
ਮੈ = ਮੈਨੂੰ ।
ਜਗਜੀਵਨ = ਹੇ ਜਗ = ਜੀਵਨ !
    ਹੇ ਜਗਤ ਦੇ ਜੀਵਨ !
ਮਿਲਿ = ਮਿਲ ਕੇ ।
ਦਰਸਨਿ = ਦਰਸਨ ਵਿਚ ।੧ ।
ਸਤਸੰਗਿ = ਸਤ ਸੰਗ ਵਿਚ ।
ਬੋਲੀ = ਬੋਲੀ, ਮੈਂ ਬੋਲਾਂ ।
ਮੇਰੈ ਮਨਿ = ਮੇਰੇ ਮਨ ਵਿਚ ।
ਭਾਣੀ = ਪਿਆਰੀ ਲੱਗ ਰਹੀ ਹੈ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।੨ ।
ਵਡਭਾਗੀ = ਵੱਡੇ ਭਾਗਾਂ ਵਾਲੇ ।
ਭ੍ਰਮਿ = ਭਟਕਣਾ ਵਿਚ ਪੈ ਕੇ ।
ਭਰੀਜੈ = ਭਰ ਜਾਈਦਾ ਹੈ, ਲਿਬੜੀਦਾ ਹੈ ।੩।ਮੈ—ਮੈਨੂੰ ।
ਆਇ = ਆ ਕੇ ।
ਦਇਆ ਧਾਰੇ = ਦਇਆ ਧਾਰਿ, ਦਇਆ ਧਾਰ ਕੇ ।
ਨਾਮਿ = ਨਾਮ ਵਿਚ ।੪ ।
    
Sahib Singh
ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ, ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ ।
ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮਿ੍ਰਤ ਨਾਲ) ਤਰੋ-ਤਰ ਹੋ ਜਾਏ ।੧ ।
(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਾਂ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ ।
ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ ।
ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ।੨ ।
ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ ।
ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ) ।
ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ ।
ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ।੩ ।
ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ ।
ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ ।
ਹੇ ਦਾਸ ਨਾਨਕ! (ਆਖ—) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ।੪।੪ ।
Follow us on Twitter Facebook Tumblr Reddit Instagram Youtube