ਸਿਰੀਰਾਗੁ ਤ੍ਰਿਲੋਚਨ ਕਾ ॥
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥

ਦੂੜਾ ਆਇਓਹਿ ਜਮਹਿ ਤਣਾ ॥
ਤਿਨ ਆਗਲੜੈ ਮੈ ਰਹਣੁ ਨ ਜਾਇ ॥
ਕੋਈ ਕੋਈ ਸਾਜਣੁ ਆਇ ਕਹੈ ॥
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥

ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥

ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

Sahib Singh
ਮਨਿ = ਮਨ ਵਿਚ ।
ਆਗਲੜਾ = ਬਹੁਤਾ ।
ਜਰਾ = ਬੁਢੇਪਾ ।
ਬਿਗਸਹਿ = ਤੂੰ ਖਿੜਦਾ ਹੈਂ ।
ਕਮਲਾ ਜਿਉ = ਕਉਲ ਫੁੱਲ ਵਾਂਗ ।
ਪਰ ਘਰਿ = ਪਰਾਏ ਘਰਿ ਵਿਚ ।
ਜੋਹਹਿ = ਤੂੰ ਜੋਖਦਾ ਹੈਂ, ਜਾਚਦਾ ਹੈਂ, ਤਾੜਦਾ ਹੈਂ ।
ਕਪਟ ਨਰਾ = ਹੇ ਖੋਟੇ ਮਨੁੱਖ ।੧ ।
ਦੂੜਾ ਆਇਓਹਿ = ਦੌੜੇ ਆ ਰਹੇ ਹਨ ।
ਜਮਹਿ ਤਣਾ = ਜਮ ਦੇ ਪੁੱਤਰ, ਜਮਦੂਤ ।
ਤਿਨ ਆਗਲੜੈ = ਉਹਨਾਂ (ਜਮਦੂਤਾਂ) ਦੇ ਸਾਮ੍ਹਣੇ ।
ਕੋਈ ਕੋਈ = ਕੋਈ ਵਿਰਲਾ ।
ਸਾਜਣੁ = ਸੰਤ ਜਨ ।
ਬਾਹੜੀ ਵਲਾਇ = ਬਾਹਾਂ ਵਲ ਕੇ, ਗਲਵੱਕੜੀ ਪਾ ਕੇ ।
ਬੀਠੁਲ = ਹੇ ਬੀਠੁਲ !
    ਹੇ ਪ੍ਰਭੂ !
ਹੇ ਮਾਇਆ = ਰਹਿਤ ਪ੍ਰਭੂ !
{ਵਿ = Ôਥਲ} ।
ਮੈ = ਮੈਥੋਂ ।੧।ਰਹਾਉ ।
ਪੈ = ਵਿਚ ।
ਅਮਰੁ = ਨਾਹ ਮਰਨ ਵਾਲਾ ।
ਮੂਠਾ = ਠੱਗਿਆ ਹੋਇਆ ।
ਚੇਤਸਿ ਨਾਹੀ = ਤੂੰ ਯਾਦ ਨਹੀਂ ਕਰਦਾ (ਹਰੀ ਨੂੰ) ।੨ ।
ਬਿਖਮ ਘੋਰ ਪੰਥਿ = ਡਾਢੇ ਹਨੇਰੇ ਰਾਹ ਉਤੇ ।
ਰਵਿ = ਸੂਰਜ ।
ਸਸਿ = ਚੰਦ ।
ਪ੍ਰਵੇਸੰ = ਦਖ਼ਲ ।
ਤਜੀਅਲੇ = ਛੱਡਿਆ ।੩ ।
ਪੇਖੀਅਲੇ = ਵੇਖਿਆ ਹੈ ।
ਤਹ = ਉਥੇ, ਧਰਮਰਾਜ ਦੀ ਹਜ਼ੂਰੀ ਵਿਚ ।
ਕਰ = ਹੱਥਾਂ ਨਾਲ ।
ਦਲ ਕਰਨਿ = ਦਲਨ ਕਰਦੇ ਹਨ, ਦਲ ਦੇਂਦੇ ਹਨ ।੪।ਜੇ ਕੋ—ਜਦੋਂ ਕੋਈ ।
ਮੂੰ = ਮੈਨੂੰ ।
ਵਣਿ = ਬਨ ਵਿਚ ।
ਤਿ੍ਰਣਿ = ਤਿਨਕੇ ਵਿਚ ।
ਵਣਿ ਤਿ੍ਰਣਿ = ਸਭ ਥਾਈਂ ।
ਰਤੜਾ = ਰਵਿਆ ਹੋਇਆ ਹੈ, ਵਿਆਪਕ ਹੈ ।
ਐ ਜੀ ਰਾਮਈਆ = ਹੇ ਸੋਹਣੇ ਰਾਮ ਜੀ !
ਬਦਤਿ = ਆਖਦਾ ਹੈ ।੫ ।
    
Sahib Singh
ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ ।
ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ।੧ ।
ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ—ਹੇ ਪ੍ਰਭੂ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ ।
ਹੇ ਮੇਰੇ ਰਾਮ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ, ਜਮਦੂਤ ਵਗਾਤੱਗ ਆ ਰਹੇ ਹਨ, ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ ।੧।ਰਹਾਉ ।
ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ, ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ ।
ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ।੨ ।
ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ) ।
ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ।੩ ।
(ਕੋਈ ਵਿਰਲਾ ਸੰਤ ਜਨ ਆਖਦਾ ਹੈ—) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ; ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ।੪ ।
(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ ।
ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ—ਮੇਰੀ ਤਿ੍ਰਲੋਚਨ ਦੀ ਇਹੀ ਬੇਨਤੀ ਹੈ ।੫।੨ ।
ਸ਼ਬਦ ਦਾ
ਭਾਵ:- ਜੀਵ ਮਾਇਆ ਦੇ ਮੋਹ ਵਿਚ ਨਕਾ-ਨਕ ਫਸੇ ਪਏ ਹਨ, ਕਿਸੇ ਨੂੰ ਨਾਹ ਮੌਤ ਚੇਤੇ ਹੈ, ਨਾਹ ਪਰਮਾਤਮਾ ।
ਪਦਾਰਥਾਂ ਦੇ ਰਸਾਂ ਵਿਚ ਮੱਤੇ ਹੋਏ ਸਮਝਦੇ ਹਨ, ਅਸਾਂ ਕਦੇ ਮਰਨਾ ਹੀ ਨਹੀਂ; ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ, ਇਹ ਖਿ਼ਆਲ ਨਹੀਂ ਆਉਂਦਾ ਕਿ ਇਕ ਦਿਨ ਇਹ ਜਗਤ ਛੱਡਣਾ ਹੀ ਪਏਗਾ ਤੇ ਇਸ ਬਦ ਮਸਤੀ ਦੇ ਕਾਰਨ ਜਮਾਂ ਦਾ ਡੰਡ ਸਹਿਣਾ ਹੀ ਪਏਗਾ ।
ਪਰ ਹਾਂ, ਕੋਈ ਵਿਰਲੇ ਵਿਰਲੇ ਭਾਗਾਂ ਵਾਲੇ ਹਨ ਜੋ ਇਸ ਅੰਤ ਸਮੇਂ ਨੂੰ ਚੇਤੇ ਰੱਖ ਕੇ ਪ੍ਰਭੂ ਦੇ ਦਰ ਤੇ ਅਰਜ਼ੋਈ ਕਰਦੇ ਹਨ ਤੇ ਉਸ ਨੂੰ ਮਿਲਣ ਲਈ ਤਾਂਘਦੇ ਹਨ ।

ਨੋਟ: ਤਿ੍ਰਲੋਚਨ ਜੀ ਨੇ ਲਫ਼ਜ਼ “ਬੀਠੁਲਾ” ਵਰਤਿਆ ਹੈ, ਉਸੇ ਨੂੰ ਉਹ “ਵਣਿ ਤਿ੍ਰਣਿ ਰਤੜਾ ਨਾਰਾਇਣਾ” ਅਤੇ “ਰਾਮਈਆ” ਆਖਦੇ ਹਨ ।
ਲਫ਼ਜ਼ “ਬੀਠਲ” ਸੰਸਕ੍ਰਿਤ ਦੇ ਲਫ਼ਜ਼ ਵਿÕÊਲ (‘ਵਿਸ਼ਠਲ’) ਦਾ ਪ੍ਰਾਕਿ੍ਰਤ ਰੂਪ ਹੈ ।
“ਵਿ+ਸਥਲ” ।
ਵਿ—ਪਰੇ, ਮਾਇਆ ਤੋਂ ਪਰੇ ।
ਸਥਲ-ਟਿਕਿਆ ਹੋਇਆ ਹੈ ।
ਵਿ+ਸਬਲ, ਵਿਸ਼ਠਲ, ਬੀਠਲਾ—ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ ।
ਇਹਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ ।
ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਇਕ ਸੱਜਣ ਨੇ ਤਿ੍ਰਲੋਚਨ ਜੀ ਬਾਰੇ ਇਉਂ ਲਿਖਿਆ ਹੈ—“ਭਗਤ ਤਿ੍ਰਲੋਚਨ ਜੀ ਬਾਰਸੀ ਨਾਮੀ ਨਗਰ (ਜ਼ਿਲਾ ਸ਼ੋਲਾਪੁਰ) ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ।
ਆਪ ਦਾ ਜਨਮ ਸੰਮਤ ੧੨੬੭ ਬਿਕਰਮੀ ਦੇ ਗਿਰਦੇ ਹੋਇਆ ਹੈ ।
ਸਾਬਤ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ ਰਿਹਾ ਹੈ ।
ਭਗਤ-ਮਾਰਗ ਦਾ ਗਿਆਨ ਭੀ ਇਹਨਾਂ ਨੇ ਨਾਮਦੇਵ ਤੋਂ ਹੀ ਪ੍ਰਾਪਤ ਕੀਤਾ ਸੀ ।
“ਆਪ ਜੀ ਦੇ ਪੰਜ ਸ਼ਬਦ ਭਗਤ ਬਾਣੀ ਦੇ ਰੂਪ ਵਿਚ ਛਾਪੇ ਵਾਲੀ ਬੀੜ ਅੰਦਰ ਪੜ੍ਹਨ ਵਿਚ ਆਉਂਦੇ ਹਨ, ਜੋ ਦੋ ਗੂਜਰੀ ਰਾਗ ਵਿਚ, ਇਕ ਸਿਰੀ ਰਾਗ ਅੰਦਰ ਤੇ ਇਕ ਧਾਨਸਰੀ ਰਾਗ ਵਿਚ ਹੈ ।
ਭਗਤ ਜੀ ਦੇ ਸਲੋਕ ਭੀ ਹਨ ।
ਆਪ ਭੀ ਨਾਮਦੇਵ ਜੀ ਦੀ ਤ੍ਰਹਾਂ ਬੀਠਲ ਮੂਰਤੀ ਦੇ ਹੀ ਪੁਜਾਰੀ ਸਨ ।......ਭਗਤ ਜੀ ਦੇ ਪੰਜੇ ਸ਼ਬਦ ਗੁਰਮਤਿ ਦੇ ਕਿਸੇ ਭੀ ਆਸ਼ੇ ਦਾ ਪਰਚਾਰ ਨਹੀਂ ਕਰਦੇ ।
ਭਗਤ ਜੀ ਦੇ ਕਈ ਸਿੱਧਾਂਤ ਗੁਰਮਤਿ ਤੋਂ ਉਲਟ ਹਨ ।
ਭਗਤ ਜੀ ਜਿਸ ਕਿ੍ਰਸ਼ਨ ਭਗਤੀ ਦੇ ਸ਼ਰਧਾਲੂ ਸਨ, ਉਸ ਕਿ੍ਰਸ਼ਨ ਜੀ ਦਾ ਗੁਰਮਤਿ ਅੰਦਰ ਪੂਰਨ ਖੰਡਣ ਹੈ ।” ਪਾਠਕਾਂ ਦੇ ਸਾਹਮਣੇ ਸ਼ਬਦ ਅਤੇ ਸ਼ਬਦ ਦੇ ਅਰਥ ਮੌਜੂਦ ਹਨ ।
ਸ਼ਬਦ ਦਾ ਭਾਵ ਭੀ ਦਿੱਤਾ ਗਿਆ ਹੈ ।
ਲਫ਼ਜ਼ ‘ਬੀਠਲ’ ਬਾਰੇ ਨੋਟ ਭੀ ਪੇਸ਼ ਕੀਤਾ ਗਿਆ ਹੈ ।
ਜਿਥੋਂ ਤਕ ਇਸ ਸ਼ਬਦ ਦਾ ਸੰਬੰਧ ਪੈਂਦਾ ਹੈ, ਪਾਠਕ ਸੱਜਣ ਆਪ ਹੀ ਨਿਰਣਾ ਕਰ ਲੈਣ ਕਿ ਇਥੇ ਕਿਥੇ ਕੋਈ ਗੱਲ ਗੁਰਮਤਿ ਦੇ ਉਲਟ ਹੈ ।
ਭਗਤ ਜੀ ਦਾ ‘ਬੀਠਲ’ ਉਹ ਹੈ ਜੋ ‘ਨਾਰਾਇਣ’ ਹੈ ਅਤੇ ‘ਵਣਿ ਤਿ੍ਰਣਿ ਰਤੜਾ” ਹੈ ।
ਕਿਸੇ ਭੀ ਖਿੱਚ ਘਸੀਟ ਨਾਲ ਇਸ ਨੂੰ ਮੂਰਤੀ ਨਹੀਂ ਕਿਹਾ ਜਾ ਸਕਦਾ ।
Follow us on Twitter Facebook Tumblr Reddit Instagram Youtube