ਪਉੜੀ ॥
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

Sahib Singh
ਅੰਤੀ ਅਉਸਰਿ = ਅਖ਼ੀਰਲੇ ਮੌਕੇ ਤੇ ।
ਗੁਰਮੁਖਿ = ਗੁਰੂ ਦੀ ਰਾਹੀਂ ।
ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ ।
ਆਣਿ = ਲਿਆ ਕੇ ।
ਸਭਿ = ਸਾਰੇ ।
    
Sahib Singh
ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾੳਂੁਦਾ ਹੈ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ।
ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ ।
ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ ।
ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ ।
ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ—ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ।੧੫ ।
Follow us on Twitter Facebook Tumblr Reddit Instagram Youtube