ਪਉੜੀ ॥
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

Sahib Singh
ਸਾਖੀ = ਸਿੱਖਿਆ ।
ਮੁਖਿ = ਮੂੰਹ ਤੇ ।
ਮਸਤਕਿ = ਮੱਥੇ ਤੇ ।
ਤਿਨਿ = ਉਸ ਨੇ ।
ਤਿਨਿ ਜਨਿ = ਉਸ ਜਨ ਨੇ ।
ਸਹਜੇ = ਅਡੋਲ ਅਵਸਥਾ ਵਿਚ (ਅੱਪੜ ਕੇ) ।
ਤਹ = ਉਸ ਅਵਸਥਾ ਵਿਚ ।
ਰੈਣਿ = ਰਾਤ ।
ਕਿਰਾਖੀ = ਖਿੱਚ ਲੈਂਦਾ ਹੈ ।
ਅਗੋਚਰੁ = ਅ+ਗੋ+ਚਰੁ ।
ਗੋ = ਇੰਦ੍ਰੇ ।
ਚਰੁ = ਚਲਣਾ, ਅੱਪੜਨਾ ।
ਅਗੋਚਰੁ = ਜਿਸ ਤਕ ਗਿਆਨ = ਇੰਦ੍ਰੇ ਪਹੁੰਚ ਨਹੀਂ ਸਕਦੇ ।
    
Sahib Singh
ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ) ।
ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ ।
ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤਿ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ ।
(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ ।
ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦਿ੍ਰਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ।੧੨ ।
Follow us on Twitter Facebook Tumblr Reddit Instagram Youtube