ਪਉੜੀ ॥
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

Sahib Singh
ਦੀਬਾਣ = ਦਰਬਾਰ ।
ਸੁਰਖਰੂ = ਖਿੜੇ ਮੱਥੇ ਵਾਲਾ ।
ਨਾਮੋ = ਨਾਮ ਹੀ ।
ਪਰਵਰਿਆ = ਪਰਵਾਰ, ਰੌਸ਼ਨੀ ਦਾ ਚੱਕਰ (ਜਿਵੇਂ ‘ਚੰਦ’ ਪਰਵਾਰਿਆ ਜਾਂਦਾ ਹੈ) ।
ਨਾਇ = ਨਾਮ ਦੀ ਰਾਹੀਂ ।
ਕਿਲਵਿਖ = ਪਾਪ ।
ਹਿਰਿਆ = ਨਾਸ ਹੋ ਜਾਂਦੇ ਹਨ ।
ਇਕ ਮਨਿ = ਇਕ = ਮਨ ਹੋ ਕੇ ।
ਅਸਥਿਰੁ = ਅਟੱਲ ।
    
Sahib Singh
ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ ।
ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ (ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ) ।
(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ ।
ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ।੧੧ ।
Follow us on Twitter Facebook Tumblr Reddit Instagram Youtube