ਪਉੜੀ ॥
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

Sahib Singh
ਸਭੁ ਕੋ = ਹਰੇਕ ਜੀਵ ।
ਰਾਸਿ = ਪੂੰਜੀ ।
ਅਰਦਾਸਿ = ਤਰਲਾ, ਅਰਜ਼ੋਈ ।
ਕਰਿ = ਕਰ ਕੇ ।
ਪਾਸਿ = ਨੇੜੇ (ਹੁੰਦਾ ਹੋਇਆ ਭੀ) ।
ਨਿਰਜਾਸਿ = ਨਿਰਣਾ ਕਰ ਕੇ ।
ਕੋ = ਕੋਈ ਭੀ ।
ਦਰਿ = ਦਰ ਤੇ, ਹਜ਼ੂਰੀ ਵਿਚ ।
    
Sahib Singh
(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ) ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ ।
ਜਿਸ ਨੂੰ ਤੂੰ ਦਾਤਿ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ) ।
(ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ ।
ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ ।
(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ।੯ ।
Follow us on Twitter Facebook Tumblr Reddit Instagram Youtube