ਮਃ ੩ ॥
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

Sahib Singh
ਸੇਵਿ = ਸੇਵਾ ਕਰ ਕੇ, ਹੁਕਮ ਮੰਨ ਕੇ ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ।
ਆਪੁ = ਆਪਣੇ ਆਪ ਨੂੰ ।
ਸਬਦਿ = ਸ਼ਬਦ ਦੀ ਰਾਹੀਂ ।
ਸੰਜਮੁ = ਇੰਦ੍ਰੀਆਂ ਨੂੰ ਰੋਕਣ ਦਾ ਉੱਦਮ ।
ਧਿ੍ਰਗੁ = ਫਿਟਕਾਰ = ਜੋਗ ।
ਮੋਹਿ = ਮੋਹ ਵਿਚ (ਫਸ ਕੇ) ।
    
Sahib Singh
(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ ।
ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ ।
ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ ।
ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤਿ-ਸਾਲਾਹ ਕਰਦਾ ਹੈ ।
ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ।
ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਵਿਚ ਵਸਾਣੀ—ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ) ।
(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ) ।
(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤਿ ਦੇਹ) ਨਾਨਕ ਤੇਰਾ ਸੇਵਕ ਹੈ ।੨ ।
Follow us on Twitter Facebook Tumblr Reddit Instagram Youtube