ਸਲੋਕ ਮਃ ੩ ॥
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥

Sahib Singh
ਵਖਾਣਹਿ = ਵਿਆਖਿਆ ਕਰਦੇ ਹਨ ।
ਸੁਆਇ = ਸੁਆਦ ਵਿਚ ।
ਜਿਨਿ = ਜਿਸ ਹਰੀ ਨੇ ।
ਜੀਉ = ਜਿੰਦ ।
ਸੰਬਾਹਿ ਦੇਂਦਾ = ਅਪੜਾਂਦਾ ਹੈ ।
ਮਨਿ = ਮਨ ਵਿਚ ।
ਮਾਣਹਿ = (ਨਾਮ ਜਪਣ ਵਾਲੇ) ਮਾਣਦੇ ਹਨ ।
ਸੁਖਿ = ਸੁਖ ਵਿਚ ।
ਸੁਖੇ ਸੁਖਿ = ਸੁਖ ਹੀ ਸੁਖ ਵਿਚ ।
ਜਿਤੁ = ਜਿਸ ਦੀ ਰਾਹੀਂ ।
    
Sahib Singh
(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ ।
(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, (ਕਿੳਂੁਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ, ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ ।
ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ ।
(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ।
(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ ।
ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ।੧ ।
Follow us on Twitter Facebook Tumblr Reddit Instagram Youtube