ਪਉੜੀ ॥
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

Sahib Singh
ਸੰਬਾਹਿਆ = ਅਪੜਾਇਆ ।
ਇਕਿ = ਕਈ ਜੀਵ ।
ਮੁਹਹੁ = ਮੂੰਹੋਂ ।
ਢਾਹਿਆ = ਬੋਲਿਆ ।
ਓਇ = ਉਹ ਸਾਰੇ ਜੀਵ ।
ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ ।
ਚੇਤਿ = ਚੇਤ ਕੇ, ਸਿਮਰ ਕੇ ।
    
Sahib Singh
(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ ।
(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ ।
(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ ।
ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ ।
(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ।੮ ।
Follow us on Twitter Facebook Tumblr Reddit Instagram Youtube