ਮਃ ੩ ॥
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥
ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥

Sahib Singh
ਛੋਛਾ = ਤੁੱਛ ।
ਪਚਿ ਮੁਏ = ਖ਼ੁਆਰ ਹੁੰਦੇ ਹਨ ।
ਕੀਟ = ਕੀੜੇ ।
ਪਇ = ਪੈ ਕੇ ।
ਵਾਰੋ ਵਾਰ = ਮੁੜ ਮੁੜ ।
ਰੰਗੁਲੇ = ਸੋਹਣੇ ।
ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ ।
ਸਹਜੇ = ‘ਸਹਜ’ ਵਿਚ ।
    
Sahib Singh
ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ, ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ ।
ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ, ਤਿਵੇਂ ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ ।
ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ, ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ।੨ ।
Follow us on Twitter Facebook Tumblr Reddit Instagram Youtube