ਪਉੜੀ ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

Sahib Singh
ਵਡੀ = ਵਡੀ ਕਰਣੀ, ਸਭ ਤੋਂ ਚੰਗਾ ਕੰਮ ।
ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ ।
ਅਪੁਛਿਆ = ਕਿਸੇ ਦੀ ਸਾਲਾਹ ਲੈਣ ਤੋਂ ਬਿਨਾ, ਕਿਸੇ ਨੂੰ ਪੁੱਛਣ ਤੋਂ ਬਿਨਾ ।
    
Sahib Singh
ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸਦੀ ਸਿਫ਼ਤਿ-ਸਾਲਾਹ ਤੇ ਉਸਦਾ ਕੀਰਤਨ ਕਰਨਾ—ਇਹੋ (ਜੀਵ ਲਈ) ਵੱਡੀ (ਕਰਣੀ) ਹੈ ।
ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ) ।
ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ ।
ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ।੬ ।
Follow us on Twitter Facebook Tumblr Reddit Instagram Youtube