ਸਲੋਕ ਮਃ ੩ ॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥

Sahib Singh
ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ ।
    ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ—ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ ‘ਸੰਸਕਾਰ’ ਲਫ਼ਜ਼ ਵਰਤਿਆ ਜਾ ਸਕਦਾ ਹੈ ।
    ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ ।
    ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ ।
    ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ ।
    ਸੋ ਮਨੁੱਖ ਦਾ ਮਨ ਕੀਹ ਹੈ ?
    ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ।
    ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ ।
    ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ ।
    ਇਸੇ ਨੂੰ ਹੀ “ਪੂਰਬਿ ਲਿਖਿਆ” ਆਖਿਆ ਗਿਆ ਹੈ ।
    ਇਹ ‘ਪੂਰਬਿ ਲਿਖੇ’ ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ ‘ਆਪਣਾ ਜਤਨ’ ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ ।
    ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ—ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ ।
ਜਲਉ = ਸੜ ਜਾਏ ।
ਸਣੁ = ਸਮੇਤ ।
ਜਲਿ ਬਲਉ = ਸੜ ਬਲ ਲਾਏ ।
ਜਿਨਿ = ਜਿਸ ਨੇ ।
ਭਾਉ = ਪਿਆਰ ।
ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ ।
    
Sahib Singh
ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ, ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ, (ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ।੧ ।
Follow us on Twitter Facebook Tumblr Reddit Instagram Youtube