ਸਲੋਕ ਮਃ ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥
ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥
ਜਾ ਕੀਮਤਿ ਪਾਇ ਤ ਕਹੀ ਨ ਜਾਇ ॥
ਸਰੈ ਸਰੀਅਤਿ ਕਰਹਿ ਬੀਚਾਰੁ ॥
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥

Sahib Singh
ਕਰਿ ਕੈ = ਰਚ ਕੇ, ਪੈਦਾ ਕਰ ਕੇ ।
ਸੇਇ = ਉਹ ਪ੍ਰਭੂ ਆਪ ਹੀ ।
ਵਖਤੁ = ਮਨੁੱਖਾ ਜਨਮ ਦਾ ਸਮਾ ।
ਕਹੀ ਨਾ ਜਾਇ = ਬਿਆਨ ਨਹੀਂ ਹੋ ਸਕਦੀ ।
ਸਰੈ = ਸ਼ਰ੍ਹਾ ਦਾ ।
ਪਾਰੁ = ਅੰਤ, ਪਾਰਲਾ ਬੰਨਾ ।
ਸਿਜਦਾ = ਰੱਬ ਅੱਗੇ ਨਿਊਣਾ ।
ਮਖਸੂਦੁ = ਨਿਸ਼ਾਨਾ, ਪ੍ਰਯੋਜਨ ।
ਜਿਹ ਧਿਰਿ = ਜਿਸ ਪਾਸੇ ।
ਮਉਜੂਦੁ = ਹਾਜ਼ਰ ।
    
Sahib Singh
ਸਿ੍ਰਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ ।
ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸਿ੍ਰਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ ।
ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ; ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ।
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ ?
(ਹੇ ਭਾਈ!) ਰੱਬ ਤੇ ਭਰੋਸਾ ਰੱਖ—ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ—ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ ।
ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ।੧ ।
Follow us on Twitter Facebook Tumblr Reddit Instagram Youtube