ਡਖਣਾ ॥
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥
ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

Sahib Singh
ਸਾਈ ਨਾਮੁ = ਸਾਈਂ ਨਾਮੁ, ਖਸਮ-ਪ੍ਰਭੂ ਦਾ ਨਾਮ ।
ਅਮੋਲ = ਮੁੱਲ ਤੋਂ ਪਰੇ, ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਦੇ ਬਰਾਬਰ ਦੀ ਕੀਮਤੀ ਹੋਰ ਕੋਈ ਚੀਜ਼ ਨਾਹ ਹੋਵੇ ।
ਕੀਮ = ਕੀਮਤ ।
ਜਾਣਦੋ = ਜਾਣਦਾ ।
ਮਥਾਹਿ = ਮੱਥੇ ਉੱਤੇ ।
ਸੇ = ਉਹ ਬੰਦੇ ।
ਹਰਿ ਰੰਗੁ = ਪ੍ਰਭੂ ਦੇ ਮਿਲਾਪ ਦਾ ਆਨੰਦ ।੧ ।
ਛੰਤੁ = ਸਭਿ—ਸਾਰੇ ।
ਧੰਨ = {ਧਂਯ} ਭਾਗਾਂ ਵਾਲੇ ।
ਲਿਖਤੀ = ਜਿਨ੍ਹਾਂ ਨੇ ਲਿਖਿਆ ।
ਕੁਲੁ = ਖ਼ਾਨਦਾਨ ।
ਸੰਗੁ = ਮਿਲਾਪ ।
ਰੰਗ = ਆਨੰਦ ।
ਤਿਨੀ = ਉਹਨਾਂ ਨੇ ।
ਬੀਚਾਰਿਆ = ਮਨ ਵਿਚ ਟਿਕਾਇਆ ।
ਪ੍ਰਭਿ = ਪ੍ਰਭੂ ਨੇ ।
ਕਰੁ = ਹੱਥ ।
ਜਸੋ = ਜਸੁ, ਸਿਫ਼ਤਿ = ਸਾਲਾਹ ਦੀ ਦਾਤਿ ।
ਧਾਵੈ = ਦੌੜਦਾ ।
ਜੋਨਿ ਨ ਧਾਵੈ = ਜਨਮ ਜਨਮ ਵਿਚ ਨਹੀਂ ਦੌੜਦਾ ਫਿਰਦਾ ।
ਮਰੀ = ਮਰਦਾ ।
ਭੇਟਤ = ਮਿਲਿਆਂ ।
ਸਤਿਗੁਰ ਭੇਟਤ = ਗੁਰੂ ਨੂੰ ਮਿਲਿਆਂ ।
ਹਰੇ = ਸਰਸੇ, ਆਤਮਕ ਜੀਵਨ ਵਾਲੇ ।
ਅਕਥੁ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਸਦਕੈ = ਕੁਰਬਾਨ ।
ਵਾਰਿਆ = ਕੁਰਬਾਨ ।੫ ।
    
Sahib Singh
ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ।੧ ।
ਛੰਤੁ—ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ ।
ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ ।
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ ।
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ ।
ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ ।
ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤਿ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ ।
ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ ।
ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ ।
ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ।੫।੧।੩ ।

ਨੋਟ: ਇਸ ‘ਛੰਤ’ ਦੇ ਪੰਜ ਬੰਦ ਹਨ ।
ਆਪਣੀ ਕਿਸਮ ਦਾ ਇਹ ਇੱਕ ਹੀ ਛੰਤ ਹੈ ਸਾਰੇ ਛੰਤਾਂ ਦਾ ਜੋੜ ੩ ਹੈ ।
Follow us on Twitter Facebook Tumblr Reddit Instagram Youtube