ਸਿਰੀਰਾਗੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥
ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥
ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥
ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

Sahib Singh
ਮਨ = ਹੇ ਮਨ !
ਸਮਾਲੇ = ਸਮਾਲਿ, ਸਾਂਭ, (ਆਪਣੇ ਅੰਦਰ) ਸੰਭਾਲ ਰੱਖ ।
ਨਿਬਹੈ = ਤੋੜ ਸਾਥ ਨਿਬਾਹੇਗਾ ।
ਨਾਲੇ = ਨਾਲਿ ।
ਧਿਆਈ = (ਹੇ ਮਨ!) ਤੂੰ ਸਿਮਰ, ਤੂੰ ਧਿਆਨ ਕਰ ।
ਬਿਰਥਾ = ਖਾਲੀ {ਵãਥਾ} ।
ਮਨ ਚਿੰਦੇ ਫਲ = ਮਨ = ਇਛੱਤ ਫਲ ।
ਲਾਏ = ਲਾਇ ।
ਬਨਵਾਰੀ = ਜਗਤ ਦਾ ਮਾਲਕ ।
ਘਟਿ ਘਟਿ = ਹਰੇਕ ਘਟ ਵਿਚ ।
ਨਿਹਾਲੇ = ਵੇਖਦਾ ਹੈ ।
ਸਿਖ = ਸਿੱਖਿਆ ।
ਦੇਇ = ਦੇਂਦਾ ਹੈ ।
ਜਾਲੇ = ਜਾਲਿ, ਸਾੜ ਦੇਹ ।੧ ।
ਝੂਠੁ = ਤੋੜ ਸਾਥ ਨਾਹ ਨਿਬਾਹੁਣ ਵਾਲਾ ।
ਪਸਾਰੇ = ਪਸਾਰਾ ।
ਬਿਖੁ = ਜ਼ਹਰ ।
ਸਾਗਰੁ = ਸਮੁੰਦਰ ।
ਕਰਿ = ਬਣਾ ।
ਬੋਹਿਥੁ = ਜਹਾਜ਼ ।
ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ ।
ਸਹਸਾ = ਸਹਮ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ।
ਭੇਟੈ = ਮਿਲਦਾ ਹੈ ।
ਵਡਭਾਗੀ = ਵੱਡੇ ਭਾਗਾਂ ਨਾਲ ।
ਜਾਪੈ = ਜਾਪਦਾ ਹੈ ।
ਆਦਿ = ਸ਼ੁਰੂ ਤੋਂ ਹੀ ।
ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ ।
ਸੇਵਕ ਸੁਆਮੀ = ਸੇਵਕਾਂ ਦਾ ਮਾਲਕ ।
ਅਧਾਰੇ = ਆਧਾਰਾ, ਆਸਰਾ ।
ਝੂਠ ਪਸਾਰੇ = ਸਾਥ ਨਾਹ ਨਿਭਣ ਵਾਲੇ ਪਸਾਰੇ ।੨ ।
ਲਦੇ = ਲੱਦੇਂ, ਲੱਦ ।
ਖੇਪ = ਸੌਦਾ ।
ਸਵਲੀ = ਸਫਲੀ, ਨਫਾ ਦੇਣ ਵਾਲੀ ।
ਨਿਹਚਲੁ = ਅਟੱਲ, ਕਦੇ ਨਾਹ ਹਿਲਣ ਵਾਲਾ ।
ਮਲੀ = ਮੱਲੀਂ, ਮੱਲ ।
ਸੇਵੇ = ਸੇਂਵਦਾ ਹੈ ।
    ਸੰਭਾਲਦਾ ਹੈ ।
ਅਲਖ = ਅਦਿ੍ਰਸਟ ।
ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ।
ਤਹ = ਉਥੇ, ਉਸ ਨਿਹਚਲ ਆਸਣ ਤੇ (ਪਹੁੰਚ ਕੇ) ।
ਸੰਸਾ = ਸਹਮ ।
ਚਿਤ੍ਰ ਗੁਪਤ = ਧਰਮਰਾਜ ਦੇ ਦੋਵੇਂ ਮੁਨਸ਼ੀ ਮੰਨੇ ਗਏ ਹਨ ਜੋ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ ।
{ਨੋਟ: = ਲਫ਼ਜ਼ ‘ਚਿਤ੍ਰ ਗੁਪਤ’ ਦਾ ਭਾਵ ਹੈ ‘ਗੁਪਤ ਚਿਤ੍ਰ’ ਲੁਕਵੇਂ ਚਿਤ੍ਰ, ਉਹ ਚਿਤ੍ਰ ਜੋ ਮਨੁੱਖ ਦੀ ਨਜ਼ਰੋਂ ਉਹਲੇ ਰਹਿੰਦੇ ਹਨ ।
ਚਿਤ੍ਰ = ਕੀਤੇ ਕਰਮਾਂ ਦੇ ਸੰਸਕਾਰ ।
    ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਬਣਦੇ ਜਾਂਦੇ ਹਨ ।
    ਸਰੀਰ ਤਿਆਗਣ ਤੇ ਇਹ ਸੰਸਕਾਰ-ਮਈ ਮਨ ਜੀਵਾਤਮਾ ਦੇ ਨਾਲ ਜਾਂਦਾ ਹੈ} ।
ਕਾਗਦੁ = ਕਾਗ਼ਜ਼, ਲੇਖਾ ।
ਕਛੂ ਨਾ ਚਲੀ = ਕੋਈ ਪੇਸ਼ ਨਹੀਂ ਜਾਂਦੀ ।
ਚਲੀ = ਚੱਲੀ ।
ਨਾਨਕੁ ਦੇਇ = ਨਾਨਕ ਦੇਂਦਾ ਹੈ ।੩ ।
ਸੰਤਾ ਸੰਗਿ = ਸੰਤਾਂ ਦੀ ਸੰਗਤਿ ਵਿਚ ।
ਨਿਵਾਸੋ = ਨਿਵਾਸੁ (ਕਰ) ।
ਜਪਤ = ਜਪਿਆਂ ।
ਪਰਗਾਸੋ = ਪਰਗਾਸੁ, ਆਤਮਕ ਚਾਨਣ ।
ਸਿਮਰਿ = ਸਿਮਰ ਕੇ ।
ਸੁਖਹਗਾਮੀ = {ਗਾਮਿਨੱ—ਅਪੜਾਣ ਵਾਲਾ} ਸੁਖ ਦੇਣ ਵਾਲਾ ।
ਸਗਲੀ = ਸਾਰੀਆਂ ।
ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ ।
ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ ।
ਸ੍ਰੀ ਰੰਗ = {œੀ (ਸ਼੍ਰੀ)—ਲੱਛਮੀ} ਲਛਮੀ ਦਾ ਪਤੀ, ਪਰਮਾਤਮਾ ।
ਸਰਬਤਿ = {ਸਵL>} ਹਰ ਥਾਂ ।
ਮਨਿ = ਮਨ ਵਿਚ ।
ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ ।੪ ।
ਲੀਨਾ = ਮਸਤ ।
ਜਲ ਮਿਲਿ = ਜਲ ਨੂੰ ਮਿਲ ਕੇ ।
ਮੀਨਾ = ਮੱਛੀ ।
ਪੀ = ਪੀ ਕੇ ।
ਆਘਾਨੇ = ਰੱਜ ਜਾਂਦਾ ਹੈ, ਆਘਾਨਾ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲੀ ।
ਬਾਨੇ = ਬਾਣੀ ।
ਸ੍ਰਬ = ਸਰਬ, ਸਾਰੇ ।
ਮਨਿ = ਮਨ ਵਿਚ ।
ਵੁਠੇ = ਵੁੱਠੇ, ਆ ਵੱਸਦੇ ਹਨ ।
ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ ।
ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤਿ-ਸਾਲਾਹ ।
ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ।
ਲੜਿ = ਲੜ ਨਾਲ, ਪੱਲੇ ।
ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ ।
ਸਰਬਸੁ = {ਸਵLÔਵ ।
ਸਵL = ਸਾਰਾ, Ôਵ—ਧਨ} ਸਾਰਾ ਹੀ ਧਨ ।
ਠਾਕੁਰਿ = ਠਾਕੁਰ ਨੇ ।
ਸਿਖ = ਸਿੱਖਿਆ ।
ਸੰਤ = ਸੰਤਾਂ ਨੇ ।੫ ।
    
Sahib Singh
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ ।
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ ।
(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ ।
ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ ।
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ ।
(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ ।
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ—ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ।੧ ।
ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ ।
ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ ।
(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ।
(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ ।
ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ ।
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ—ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ।੨ ।
ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ ।
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ ।
ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦਿ੍ਰਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ ।
ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ ।
(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ ।
(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ।੩ ।
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ ।
ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ ।
ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ ।
(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ ।
ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ।੪ ।
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ, ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ ।
ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ।
ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ, ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ ।੫।੧।੨ ।
Follow us on Twitter Facebook Tumblr Reddit Instagram Youtube