ਸਿਰੀਰਾਗੁ ਮਹਲਾ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥
ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥
ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥
ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥
ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥

ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥
ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥

Sahib Singh
ਬਾਲਕ ਬੁਧਿ = ਬਾਲਕ ਜਿਤਨੀ ਬੁਧਿ ਰੱਖਣ ਵਾਲਾ ਜੀਵ ।
ਅਚੇਤੁ = ਬੇ = ਪਰਵਾਹ ।
ਖੀਰੁ = ਦੁੱਧ ।
ਸੁਤ ਹੇਤੁ = ਪੁੱਤਰ ਦਾ ਪਿਆਰ ।
ਘਨੇਰਾ = ਬਹੁਤ ।
ਸਬਾਈ = ਸਾਰੀ ਸਿ੍ਰਸ਼ਟੀ ਨੂੰ ।
ਸੰਜੋਗੀ = ਕੀਤੇ ਕਰਮਾਂ ਦੇ ਸੰਜੋਗ ਅਨੁਸਾਰ ।
ਹੇਤਿ = ਮੋਹ ਵਿਚ ।
ਚੇਤਿ = ਚੇਤ ਕੇ, ਸਿਮਰ ਕੇ ।੧ ।
ਭਰਿ ਜੋਬਨਿ = ਭਰੀ ਜਵਾਨੀ ਵਿਚ ।
ਮੈ = ਸ਼ਰਾਬ ।
ਅਹਿ = ਦਿਨ ।
ਨਿਸਿ = ਰਾਤ ।
ਕਾਮਿ = ਕਾਮ ਵਿਚ ।
ਚਿਤਿ = ਚਿੱਤ ਵਿਚ ।
ਘਟ ਅੰਤਰਿ = ਹਿਰਦੇ ਵਿਚ ।
ਹੋਰਿ = {ਲਫਜ਼ ‘ਹੋਰ’ ਤੋਂ ਬਹੁ-ਵਚਨ} ।
ਜਨਮਿ ਮਰਹੁਗੇ = ਜਨਮ ਕੇ ਮਰਹੁਗੇ, ਜਨਮ ਮਰਨ ਦੇ ਗੇੜ ਵਿਚ ਪੈ ਜਾਉਗੇ ।
ਭਾਇ = ਪ੍ਰੇਮ ਨਾਲ ।੨ ।
ਸਰਿ = ਸਰ ਉੱਤੇ, ਸਰੀਰ ਉੱਤੇ ।
ਉਲਥੜੇ ਆਇ = ਆ ਟਿਕੇ ਹਨ ।
ਜਰੂਆ = ਬੁਢੇਪਾ ।
ਜਿਣੈ = ਜਿੱਤ ਰਿਹਾ ਹੈ ।
ਆਂਵ = ਉਮਰ ।
ਜਮਿ = ਜਮ ਨੇ ।
ਵਿਸਰਜੀ = ਦੂਰ ਹੋ ਗਈ ।੩ ।
ਬਿਰਧਿ = ਬੁੱਢਾ ।
ਖੀਣੁ = ਕਮਜ਼ੋਰ, ਲਿੱਸਾ ।
ਅੰਧੁ = ਹਨੇਰਾ, ਅੰਨ੍ਹਾ = ਪਨ ।
ਵੈਣ = ਬਚਨ, ਬੋਲ ।
ਰਸੁ = ਸਆਦ ।
ਪਰਾਕਉ = {ਪ੍ਰਾਕਮ} ਬਲ ।
ਤਾਣ = ਤਾਕਤ ।
ਅੰਤਰਿ = (ਹਿਰਦੇ) ਵਿਚ ।
ਖੜੁ = (ਕਣਕ ਆਦਿਕ ਦਾ) ਨਾੜ ।
ਕੁੜਿ = ਕੁੜਕ ਕੇ ।੪ ।
ਓੜਕੁ = ਅਖ਼ਰੀਲਾ ਸਮਾ ।
ਤਿਨ ਸਾਹਿਆ = ਉਹਨਾਂ ਸੁਆਸਾਂ ਦਾ ।
ਜਰੁ = ਬੁਢੇਪਾ ।
ਜਰਵਾਣਾ = ਬਲੀ ।
ਕੰਨਿ = ਕੰਧੇ ਉੱਤੇ, ਮੋਢੇ ਉੱਤੇ ।
ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ ।
ਜੋਹਿ ਨ ਸਾਕੈ = ਤੱਕ ਨਹੀਂ ਸਕਦਾ ।
ਪਤਿ ਸੇਤੀ = ਇੱਜ਼ਤ ਨਾਲ ।
ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ ।
ਸਾਚੇ ਤੇ = ਸਾਚੇ ਤੋਂ, ਸਦਾ-ਥਿਰ ਪ੍ਰਭੂ (ਦੇ ਦਰ) ਤੋਂ ।
ਪਤਿ = ਇੱਜ਼ਤ ।੫ ।
    
Sahib Singh
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ ।
(ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ ।
ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ)ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ ।
ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ ।
ਮਾਇਆ ਦਾ (ਇਹ) ਮੋਹ ਸਾਰੀ ਸਿ੍ਰਸ਼ਟੀ ਨੂੰ (ਹੀ ਵਿਆਪ ਰਿਹਾ ਹੈ) ।
(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ ।
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ ।
ਹੇ ਨਾਨਕ! ਆਖ—ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ।੧ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ) ।
ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ) ।
ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ ।
ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤਿ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦਿ੍ਰਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ ।
(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ ।
(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ।੨ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ) ।
ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ ।
ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ ।
ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ ।
(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ ।
ਹੇ ਨਾਨਕ! ਆਖ—ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਸਿਮਰਨ ਕਰ ।੩ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ ।
ਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤ੍ਰਹਾਂ) ਨਹੀਂ ਸੁਣ ਸਕਦਾ ।
ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ, ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ ?
ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ ।
(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ ।ਹੇ ਨਾਨਕ! ਆਖ—ਹੇ-ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ।੪ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖਿ਼ਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ) ।
ਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਅੌਗੁਣ ਬੰਨ੍ਹ ਕੇ ਲੈ ਤੁਰਦੇ ਹਨ ।
ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।
ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ ।
ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ ।
ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ ।
ਹੇ ਨਾਨਕ! ਆਖ—ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ।੫।੨ ।
Follow us on Twitter Facebook Tumblr Reddit Instagram Youtube